ਪੱਤਰ ਪ੍ਰੇਰਕ
ਪਠਾਨਕੋਟ, 9 ਨਵੰਬਰ
ਇਥੇ ਨਜ਼ਦੀਕ ਪੈਂਦੇ ਪਿੰਡ ਢਾਂਗੂ ਸਰਾਹ ਦੇ ਵਾਰਡ ਨੰਬਰ 5 ਮੁਹੱਲਾ ਕਮੇਲਿਆ ਵਿੱਚ ਪੰਚਾਇਤ ਵਿਭਾਗ ਵੱਲੋਂ ਪੁਟਾਈ ਗਈ ਗਲੀ ਅਜੇ ਤੱਕ ਮੁੜ ਨਾ ਬਣਾਏ ਜਾਣ ਵਿਰੁੱਧ ਮੁਹੱਲਾ ਵਾਸੀਆਂ ਨੇ ਰੋਸ ਮੁਜ਼ਾਹਰਾ ਕੀਤਾ। ਰੋਸ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ੋਤਮ ਸਿੰਘ, ਤਰਸੇਮ ਸਿੰਘ, ਰਘੁਨਾਥ ਸਿੰਘ, ਦੀਵਾਨ ਸਿੰਘ, ਰੇਖਾ ਦੇਵੀ, ਨੀਲਮ ਦੇਵੀ, ਚੰਪਾ ਦੇਵੀ, ਕੁਸ਼ਲਾ ਦੇਵੀ, ਵਿਦਿਆ ਦੇਵੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਮੁਹੱਲਾ ਵਾਸੀਆਂ ਨੂੰ ਆਉਣ-ਜਾਣ ਲਈ ਇੱਕੋ ਇੱਕ ਰਸਤਾ ਹੈ ਪਰ 8 ਮਹੀਨੇ ਪਹਿਲਾਂ ਵਿਭਾਗ ਵੱਲੋਂ ਇਸ ਕੰਕਰੀਟ ਦੇ ਰਸਤੇ ਨੂੰ ਜੇਸੀਬੀ ਮਸ਼ੀਨ ਨਾਲ ਉਖਾੜ ਦਿੱਤਾ ਗਿਆ। ਜਿਸ ਨਾਲ ਉਨ੍ਹਾਂ ਦੇ ਘਰਾਂ ਨੂੰ ਜਾਂਦੀ ਗਲੀ ਪੂਰੀ ਤਰ੍ਹਾਂ ਨਾਲ ਖੱਡ ਦਾ ਰੂਪ ਧਾਰਨ ਕਰ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਰਸਤੇ ਦੀ ਹਾਲਤ ਇੰਨੀ ਖਸਤਾ ਹੋ ਚੁੱਕੀ ਹੈ ਕਿ ਰਾਤ ਦੇ ਸਮੇਂ ਤਾਂ ਉਥੋਂ ਉਨ੍ਹਾਂ ਨੂੰ ਪੈਦਲ ਲੰਘਣਾ ਵੀ ਮੁਸ਼ਕਲ ਹੁੰਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਗਲੀ ਨੂੰ ਮੁੜ ਜਲਦੀ ਬਣਾਇਆ ਜਾਵੇ। ਸ ਸਬੰਧੀ ਪੰਚਾਇਤ ਸਕੱਤਰ ਮਨੋਜ ਕੁਮਾਰਮ ਨੇ ਕਿਹਾ ਕਿ ਉਹ ਜਲਦੀ ਇਸ ਸਬੰਧੀ ਆਪਣੇ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆ ਕੇ ਸੜਕਬਣਵਾਉਣ ਦੀ ਕੋਸ਼ਿਸ਼ ਕਰਨਗੇ।