ਪੱਤਰ ਪ੍ਰੇਰਕ
ਗੁਰਦਾਸਪੁਰ, 18 ਜੂਨ
ਮਗਨਰੇਗਾ ਤਹਿਤ ਕੰਮ ਦੇਣ, ਘਪਲੇਬਾਜ਼ੀ ਬੰਦ ਕਰਨ ਅਤੇ ਨਵੇਂ ਜਾਬ ਕਾਰਡ ਬਣਾਉਣ ਦੀਆਂ ਮੰਗਾਂ ਲਈ ਮਜ਼ਦੂਰਾਂ ਵੱਲੋਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਬੀਡੀਪੀਓ ਦਫ਼ਤਰ ਦੋਰਾਂਗਲਾ ਵਿੱਚ ਮੁਜ਼ਾਹਰਾ ਕੀਤਾ ਗਿਆ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਸੰਜੀਵ ਮਿੰਟੂ, ਜ਼ਿਲ੍ਹਾ ਕਨਵੀਨਰ ਬਿਮਲ ਕੌਰ ਤੇ ਜ਼ਿਲ੍ਹਾ ਜਥੇਬੰਦਕ ਆਗੂ ਰਸ਼ਪਾਲ ਸਿੰਘ ਨੇ ਕਿਹਾ ਕਿ ਪਿੰਡ ਕਾਠਗੜ੍ਹ ਤੇ ਹਕੀਮਪੁਰ ਦੀ ਮਗਨਰੇਗਾ ਦੇ ਕੰਮ ਦੀ ਮੰਗ ਨੂੰ ਲੈ ਕੇ ਕਈ ਮਹੀਨਿਆਂ ਤੋਂ ਸੂਚੀ ਦੇਣ ਦੇ ਬਾਵਜੂਦ ਅੱਜੇ ਤੱਕ ਕੰਮ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਪਿੰਡ ਡੁੱਗਰੀ ਵਿੱਚ ਵੱਡੇ ਪੱਧਰ ’ਤੇ ਮਗਨਰੇਗਾ ਕਾਮਿਆਂ ਨੂੰ ਕਈ ਸਾਲਾਂ ਤੋਂ ਕੰਮ ਹੀ ਨਹੀਂ ਮਿਲਿਆ। ਉਨ੍ਹਾਂ ਕਿਹਾ ਕਿ ਅਜਿਹਾ ਹਾਲ ਹੋਰਨਾਂ ਪਿੰਡਾਂ ਦਾ ਵੀ ਹੈ। ਇਸ ਉਪਰੰਤ ਵਫ਼ਦ ਬੀਡੀਪੀਓ ਦਿਲਬਾਗ ਸਿੰਘ ਨੂੰ ਮਿਲਿਆ ਅਤੇ ਮੰਗ ਪੱਤਰ ਸੌਂਪਿਆ। ਵਫ਼ਦ ਵਿੱਚ ਯੂਨੀਅਨ ਆਗੂਆਂ ਤੋਂ ਇਲਾਵਾ ਜੋਗਿੰਦਰੋ, ਮਨਪ੍ਰੀਤ ਕੌਰ, ਪੂਜਾ, ਰਾਜ ਰਾਣੀ ਤੇ ਪੰਮੀ ਸ਼ਾਮਲ ਸਨ। ਬੀਡੀਪੀਓ ਨੇ ਮੰਗ ਪੱਤਰ ਲੈਂਦਿਆਂ ਪਿੰਡਾਂ ਵਿੱਚ ਸਬੰਧਤ ਗ੍ਰਾਮ ਸੇਵਕਾਂ ਨੂੰ ਕੰਮ-ਕਾਰ ਚਲਾਉਣ ਲਈ ਹਦਾਇਤਾਂ ਜਾਰੀ ਕੀਤੀਆਂ। ਉਨ੍ਹਾਂ ਕਿਹਾ ਕਿ ਜੇ ਮਗਨਰੇਗਾ ਕਾਮਿਆਂ ਨਾਲ ਵਿਤਕਰੇਬਾਜ਼ੀ, ਘਪਲੇਬਾਜ਼ੀ ਹੁੰਦੀ ਹੈ ਤਾਂ ਕਾਰਵਾਈ ਕੀਤੀ ਜਾਵੇਗੀ।