ਐਨ.ਪੀ.ਧਵਨ
ਪਠਾਨਕੋਟ, 24 ਸਤੰਬਰ
ਪਿੰਡ ਛਤਵਾਲ ਦੇ ਅਧੀਨ ਆਉਂਦੀ ਗੋਵਿੰਦ ਬਿਹਾਰ ਕਲੋਨੀ ਵਾਰਡ ਨੰਬਰ 6 ਦੇ ਲੋਕਾਂ ਨੇ ਕਲੋਨੀ ਦੇ ਮਾਰਗ ਦੀ ਖਸਤਾ ਹਾਲਤ ਨੂੰ ਲੈ ਕੇ ਪੰਚਾਇਤ ਮੈਂਬਰ ਬਲਵਾਨ ਸਿੰਘ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਦੱਸਿਆ ਕਿ ਕਲੋਨੀ ਦੇ 2 ਕਿਲੋਮੀਟਰ ਰਸਤੇ ਦੀ ਹਾਲਤ ਇੰਨੀ ਮੰਦੀ ਹੋ ਚੁੱਕੀ ਹੈ ਕਿ ਉਨ੍ਹਾਂ ਦੀ ਕਲੋਨੀ ਹੁਣ ਗੋਵਿੰਦ ਵਿਹਾਰ ਕਲੋਨੀ ਦੇ ਨਾਂ ਨਾਲ ਘੱਟ ਬਲਕਿ ਖੱਡਿਆਂ ਵਾਲੀ ਕਲੋਨੀ ਦੇ ਨਾਂ ਨਾਲ ਜ਼ਿਆਦਾ ਜਾਣੀ ਜਾਂਦੀ ਹੈ। ਕਲੋਨੀ ਵਾਸੀਆਂ ਨੇ ਦੱਸਿਆ ਕਿ 18 ਸਾਲ ਪਹਿਲਾਂ ਸਾਲ 2002 ਵਿੱਚ ਕਲੋਨੀ ਦਾ ਨਿਰਮਾਣ ਕੀਤਾ ਗਿਆ ਸੀ। 18 ਸਾਲ ਬੀਤ ਜਾਣ ਦੇ ਬਾਵਜੂਦ ਅੱਜ ਤੱਕ ਸਰਕਾਰੀ ਅਤੇ ਵਿਭਾਗੀ ਤੌਰ ’ਤੇ ਕਲੋਨੀ ਵਿੱਚ ਇੱਕ ਵੀ ਪੈਸੇ ਦਾ ਵਿਕਾਸ ਕੰਮ ਨਹੀਂ ਕਰਵਾਇਆ ਗਿਆ। ਮੁੱਖ ਮੰਤਰੀ ਦਫਤਰ ਵਲੋਂ ਮੰਡੀਕਰਨ ਵਿਭਾਗ ਨੂੰ ਲਿਖਤੀ ਤੌਰ ’ਤੇ ਪਾਸ ਕਰ ਕੇ ਭੇਜ ਦਿੱਤਾ ਗਿਆ ਹੈ ਪਰ ਅਜੇ ਤੱਕ ਮੰਡੀਕਰਨ ਵਿਭਾਗ ਵਲੋਂ ਉਨ੍ਹਾਂ ਦੀ ਸੁਧ ਤੱਕ ਨਹੀਂ ਲਈ ਗਈ।