ਐਨਪੀ. ਧਵਨ
ਪਠਾਨਕੋਟ, 26 ਜੂਨ
ਧਾਰ ਕਲਾਂ ਤਹਿਸੀਲ ਦੇ ਵੱਖ-ਵੱਖ ਪਿੰਡਾਂ ਦੇ ਲੋਕ ਪਿਛਲੇ ਲੰਮੇ ਸਮੇਂ ਤੋਂ ਖੇਤਰ ਵਿੱਚ ਟਰਾਂਸਪੋਰਟ ਦੀ ਸੇਵਾ ਲਈ ਪ੍ਰੇਸ਼ਾਨ ਹਨ ਜਿਸ ਨੂੰ ਲੈ ਕੇ ਦੁਨੇਰਾ ਵਿਖੇ ਅੱਜ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਵਿੱਚ ਵਿਸ਼ਾਲ ਮਹਿਰਾ, ਸਾਬਕਾ ਸਰਪੰਚ ਕਾਕਾ ਸ਼ਰਮਾ, ਕਾਲਾ ਮਹਿਰਾ, ਭਵਨੀਤ ਮਹਾਜਨ, ਮੰਗਾ ਸ਼ਰਮਾ, ਸੁਸ਼ੀਲ, ਅਨੂ ਕੁਮਾਰ ਆਦਿ ਸ਼ਾਮਲ ਸਨ।
੍ਰਦਰਸ਼ਨਕਾਰੀਆਂ ਦਾ ਕਹਿਣਾ ਸੀ ਕਿ ਲੋਕਾਂ ਨੂੰ ਆਪਣੇ ਛੋਟੇ-ਛੋਟੇ ਕੰਮਾਂ ਲਈ ਜ਼ਿਲ੍ਹੇ ਦੇ ਦਫਤਰਾਂ ਵਿੱਚ ਪਠਾਨਕੋਟ ਜਾਣਾ ਪੈਂਦਾ ਹੈ ਪਰ ਟਰਾਂਸਪੋਰਟ ਸੁਵਿਧਾ ਨਾ ਹੋਣ ਕਰਕੇ ਉਨ੍ਹਾਂ ਨੂੰ ਪਠਾਨਕੋਟ ਤੱਕ 50 ਕਿਲੋਮੀਟਰ ਦੂਰ ਦਾ ਸਫਰ ਹਿਮਾਚਲ ਪ੍ਰਦੇਸ਼ ਦੇ ਚੰਬਾ-ਡਲਹੌਜੀ ਤੋਂ ਆਉਣ ਵਾਲੀਆਂ ਬੱਸਾਂ ਵਿੱਚ ਖੜ੍ਹੇ ਹੋ ਕੇ ਕਰਨਾ ਪੈਂਦਾ ਹੈ। ਉਨ੍ਹਾਂ ਰੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਚੋਣਾਂ ਵੇਲੇ ਰਾਜਨੀਤਿਕ ਪਾਰਟੀਆਂ ਦੇ ਆਗੂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਅਧਾਰ ’ਤੇ ਹੱਲ ਕਰਨ ਦੀਆਂ ਗੱਲਾਂ ਕਰਦੇ ਹਨ ਪਰ ਚੋਣਾਂ ਲੰਘਦੇ ਸਾਰ ਹੀ ਕੀਤੇ ਗਏ ਸਾਰੇ ਵਾਅਦੇ ਠੰਡੇ ਬਸਤੇ ਵਿੱਚ ਪਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਰੋਡਵੇਜ਼ ਪਠਾਨਕੋਟ ਡਿਪੂ ਵੱਲੋਂ ਪਠਾਨਕੋਟ ਤੋਂ ਡਲਹੌਜ਼ੀ ਸਵੇਰੇ 8 ਵਜੇ, ਪਠਾਨਕੋਟ ਤੋਂ ਚੰਬਾ ਦੁਪਹਿਰ 1:45 ਵਜੇ, ਪਠਾਨਕੋਟ ਤੋਂ ਬਕਲੋਹ ਸ਼ਾਮ 4 ਵਜੇ ਦੇ ਰੂਟ ਬੰਦ ਕਰ ਦਿੱਤੇ ਗਏ ਹਨ ਜਿਸ ਕਾਰਨ ਇਸ ਖੇਤਰ ਦੇ ਲੋਕਾਂ, ਕਾਲਜ ਦੇ ਵਿਦਿਆਰਥੀਆਂ ਅਤੇ ਪਠਾਨਕੋਟ ਵਿੱਚ ਕੰਮ ਕਰਦੇ ਮੁਲਾਜ਼ਮਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।