ਪੱਤਰ ਪ੍ਰੇਰਕ
ਪਠਾਨਕੋਟ, 7 ਜੂਨ
ਖਾਨਪੁਰ ਚੌਕ ਤੋਂ ਸੁਜਾਨਪੁਰ ਨੂੰ ਜਾਣ ਵਾਲੀ ਸੜਕ ਦੀ ਖਸਤਾ ਹਾਲਤ ਹੋਣ ਕਰਕੇ ਲੋਕਾਂ ਨੇ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਪਿੰਡ ਗੰਦਲਾ ਲਾਹੜੀ ਦੇ ਸਰਪੰਚ ਸੰਸਾਰ ਚੰਦ, ਮਦਨ ਲਾਲ, ਹਰਬੰਸ ਲਾਲ, ਬਲਵੰਤ ਸਿੰਘ, ਕਰਨੈਲ ਸਿੰਘ, ਰਾਜ ਕੁਮਾਰ, ਰਵਿੰਦਰ ਸਿੰਘ ਆਦਿ ਸ਼ਾਮਲ ਸਨ।
ਰੋਸ ਪ੍ਰਦਰਸ਼ਨ ਕਰਨ ਵਾਲਿਆਂ ਨੇ ਕਿਹਾ ਕਿ ਇਹ ਸੜਕ ਕਾਫੀ ਸਾਲ ਪਹਿਲਾਂ ਪ੍ਰਧਾਨ ਮੰਤਰੀ ਰੁਜ਼ਗਾਰ ਗਰਾਮ ਸੜਕ ਯੋਜਨਾ ਅਧੀਨ ਬਣਾਈ ਗਈ ਸੀ। ਉਸ ਦੇ ਬਾਅਦ ਇਸ ਵਿੱਚ ਵੱਡੇ-ਵੱਡੇ ਟੋਏ ਪੈ ਚੁੱਕੇ ਹਨ। ਪਰ ਸੜਕ ਬਣਨ ਬਾਅਦ ਹੁਣ ਤੱਕ ਇਸ ਸੜਕ ਦੀ ਕੋਈ ਸੁੱਧ ਨਹੀਂ ਲਈ ਗਈ। ਸੜਕ ਦੀ ਮੰਦੀ ਹਾਲਤ ਹੋਣ ਕਾਰਨ ਇਸ ਸੜਕ ਤੋਂ ਲੰਘਣਾ ਬਹੁਤ ਮੁਸ਼ਕਲ ਹੈ ਅਤੇ ਇਸ ਦੇ ਵਿਚਕਾਰ ਕਈ ਵਾਰ ਦੁਪਹੀਆ ਵਾਹਨ ਸਾਈਡ ਦਿੰਦੇ ਸਮੇਂ ਦੁਰਘਟਨਗ੍ਰਸਤ ਹੋ ਜਾਂਦੇ ਹਨ। ਇਸ ਸੜਕ ’ਤੇ ਪਿੰਡ ਝੁੰਬਰ, ਪਡਿਆਂ ਲਾਹੜੀ, ਗੰਦਲਾ ਲਾਹੜੀ, ਛੋਟੇਪੁਰ, ਰਤਨ ਕਲੌਨੀ, ਮੁੱਦੇ, ਸੰਤ ਅਸਟੇਟ ਆਦਿ ਇਲਾਕੇ ਪੈਂਦੇ ਹਨ। ਇਨ੍ਹਾਂ ਸਾਰੇ ਪਿੰਡਾਂ ਦੇ ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਹੋ ਰਹੀ ਹੈ। ਇਸ ਸਬੰਧੀ ਵਿਭਾਗ ਦੇ ਉਚ-ਅਧਿਕਾਰੀਆਂ ਨੂੰ ਉਹ ਕਈ ਵਾਰ ਮਿਲ ਚੁੱਕੇ ਹਨ ਪਰ ਸਿਵਾਏ ਭਰੋਸੇ ਦੇ ਕੁਝ ਨਹੀਂ ਮਿਲਿਆ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਸੜਕ ਨੂੰ ਪਹਿਲ ਦੇ ਆਧਾਰ ’ਤੇ ਬਣਾਇਆ ਜਾਵੇ।