ਕਾਦੀਆਂ: ਅੱਜ ਬੇਰੁਜ਼ਗਾਰ ਵੈਟਰਨਰੀ ਡਿਪਲੋਮਾ ਹੋਲਡਰਾਂ ਵੱਲੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਕੋਠੀ ਨੇੜੇ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀ ਜਿਵੇਂ ਹੀ ਮੰਤਰੀ ਦੀ ਕੋਠੀ ਵੱਲ ਵੱਧਣ ਲਗੇ ਤਾਂ ਪੁਲੀਸ ਨੇ ਬੈਰੀਕੇਡ ਲਗਾ ਕੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਮੌਕੇ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਜਿੰਦਰ ਸਿੰਘ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਤੋਂ ਡਿਪਲੋਮਾ ਪਾਸ ਕਰ ਕੇ ਵਿਹਲੇ ਘੁੰਮ ਰਹੇ ਹਨ। ਉਨ੍ਹਾਂ ਵੱਲੋਂ ਮੰਤਰੀ ਅਤੇ ਡਾਇਰੈਕਟਰ ਨੂੰ ਕਈ ਵਾਰ ਧਿਆਨ ਵਿੱਚ ਲਿਆਂਦਾ ਗਿਆ ਹੈ ਕਿ ਵੈਟਨਰੀ ਇੰਸਪੈਕਟਰਾਂ ਦੀਆਂ ਅਸਾਮੀਆਂ ਲਗਾਤਾਰ ਖ਼ਾਲੀ ਹੋ ਰਹੀਆਂ ਹਨ। ਵੈਟਨਰੀ ਇੰਸਪੈਕਟਰਾਂ ਨੂੰ ਦੋ ਜਾਂ ਤਿੰਨ ਪਸ਼ੂ ਡਿਸਪੈਂਸਰੀਆਂ ਦੇ ਚਾਰਜ ਦਿੱਤੇ ਹੋਏ ਹਨ। ਇਨ੍ਹਾਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹ ਕੋਵਿਡ ਮਹਾਮਾਰੀ ਕਰ ਕੇ ਘੱਟ ਤੋਂ ਘੱਟ ਤਨਖ਼ਾਹ ’ਤੇ ਕੰਮ ਕਰਨ ਲਈ ਵੀ ਤਿਆਰ ਹਨ। ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੀ ਗ਼ੈਰਮੌਜੂਦਗੀ ’ਚ ਪ੍ਰਦਰਸ਼ਨਕਾਰਿਆਂ ਦੇ ਪੰਜ ਮੈਂਬਰੀ ਵਫ਼ਦ ਨੇ ਉਨ੍ਹਾਂ ਦੇ ਪੁੱਤਰ ਰਵੀਨੰਦਨ ਸਿੰਘ ਬਾਜਵਾ ਮੰਗ ਪੱਤਰ ਦਿੱਤਾ। -ਪੱਤਰ ਪ੍ਰੇਰਕ