ਪੱਤਰ ਪ੍ਰੇਰਕ
ਪਠਾਨਕੋਟ, 21 ਅਗਸਤ
ਸੁਜਾਨਪੁਰ ਵਿੱਚ ਘਰੇਲੂ ਨਿਰਮਾਣ ਮਜ਼ਦੂਰਾਂ ਨੇ ਵਧਦੇ ਰੇਤ ਅਤੇ ਬੱਜਰੀ ਦੇ ਰੇਟਾਂ ਨੂੰ ਲੈ ਕੇ ਅੱਜ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਰੋਸ ਪ੍ਰਦਰਸ਼ਨ ਕਰਨ ਵਾਲਿਆਂ ਵਿੱਚ ਚਰਨ ਦਾਸ, ਮਿਸਤਰੀ ਤ੍ਰਿਲੋਚਨ, ਪ੍ਰੇਮ ਚੰਦ, ਕੁਲਦੀਪ, ਅਸ਼ੋਕ, ਸੁਰਿੰਦਰ, ਕਾਲਾ, ਬੋਧਰਾਜ ਆਦਿ ਸ਼ਾਮਲ ਸਨ।
ਇਨ੍ਹਾਂ ਪ੍ਰਦਰਸ਼ਨਕਾਰੀ ਮਜ਼ਦੂਰਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਕਿਹਾ ਸੀ ਕਿ ਰੇਤਾ, ਬੱਜਰੀ ਦੇ ਭਾਅ ਘਟਾਏ ਜਾਣਗੇ ਬਲਕਿ ਹੁਣ ਭਾਅ ਇੰਨੇ ਵਧ ਗਏ ਹਨ ਕਿ ਲੋਕਾਂ ਨੇ ਨਿਰਮਾਣ ਕੰਮ ਕਰਵਾਉਣਾ ਬੰਦ ਕਰ ਦਿੱਤਾ ਹੈ। ਜਿਸ ਦੇ ਚੱਲਦੇ ਨਿਰਮਾਣ ਮਜ਼ਦੂਰ ਬੇਰੁਜ਼ਗਾਰ ਹੋ ਗਏ ਹਨ। ਉਨ੍ਹਾਂ ਨੂੰ ਕਈ ਦਿਨਾਂ ਤੋਂ ਕੰਮ ਨਹੀਂ ਮਿਲ ਰਿਹਾ। ਜਿਸ ਕਾਰਨ ਉਨ੍ਹਾਂ ਨੂੰ ਆਪਣੇ ਘਰ ਦਾ ਚੁੱਲਾ ਬਾਲਣ ਲਈ ਭਾਰੀ ਆਰਥਿਕ ਮੰਦੀ ਨੂੰ ਝੱਲਣਾ ਪੈ ਰਿਹਾ ਹੈ। ਉਨ੍ਹਾਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਜੰਮ ਕੇ ਕੋਸਿਆ ਤੇ ਕਿਹਾ ਕਿ ਜਲਦੀ ਹੀ ਮਜ਼ਦੂਰਾਂ ਬਾਰੇ ਸਰਕਾਰ ਕੋਈ ਠੋਸ ਨੀਤੀ ਬਣਾਵੇ ਅਤੇ ਰੇਤਾ, ਬੱਜਰੀ ਦੇ ਭਾਅ ਨੂੰ ਜਲਦੀ ਘਟਾਇਆ ਜਾਵੇ ਤਾਂ ਜੋ ਲੋਕ ਆਪਣੇ ਘਰ ਵਿੱਚ ਕੰਮ ਲਗਾ ਸਕਣ ਅਤੇ ਮਜ਼ਦੂਰਾਂ ਦਾ ਕੰਮ ਵੀ ਚੱਲ ਸਕੇ।