ਪੱਤਰ ਪ੍ਰੇਰਕ
ਪਠਾਨਕੋਟ, 6 ਅਗਸਤ
ਤਿੰਨ ਸਾਲਾਂ ਤੋਂ ਪਿੰਡ ਥਰਿਆਲ ਵਿੱਚ ਬਣਿਆ ਸੁਵਿਧਾ ਕੇਂਦਰ ਬੰਦ ਪਿਆ ਹੈ। ਜਿਸ ਨੂੰ ਖੁੱਲ੍ਹਵਾਉਣ ਦੀ ਮੰਗ ਲੈ ਕੇ ਅੱਜ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਬਲਦੇਵ ਸਿੰਘ, ਦੇਵ ਰਾਜ ਤੇ ਓਮ ਪ੍ਰਕਾਸ਼ ਨੇ ਦੱਸਿਆ ਕਿ ਉਨ੍ਹਾਂ ਪਹਿਲਾਂ ਡਿਪਟੀ ਕਮਿਸ਼ਨਰ ਸੰਜਮ ਅਗਰਵਾਲ ਨੂੰ ਲਿਖਤੀ ਰੂਪ ਵਿੱਚ ਸੈਂਟਰ ਖੁੱਲ੍ਹਵਾਉਣ ਦੀ ਮੰਗ ਕੀਤੀ ਸੀ, ਪਰ ਅੱਜ ਤੱਕ ਕੋਈ ਹੱਲ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਸੁਵਿਧਾ ਕੇਂਦਰ ਲੋਕਾਂ ਨੂੰ ਸੁਵਿਧਾ ਦੇਣ ਲਈ ਖੋਲ੍ਹਿਆ ਗਿਆ ਸੀ। ਪਰ ਹੁਣ ਤਿੰਨ ਸਾਲਾਂ ਤੋਂ ਇਹ ਬੰਦ ਪਿਆ ਹੈ। ਇਸ ਨਾਲ ਲੋਕਾਂ ਨੂੰ ਆਪਣਾ ਕੰਮ ਕਰਵਾਉਣ ਲਈ 15 ਕਿਲੋਮੀਟਰ ਦੂਰ ਪਠਾਨਕੋਟ ਵਿੱਚ ਜਾਣਾ ਪੈਂਦਾ ਹੈ। ਉਥੇ ਜ਼ਿਆਦਾ ਭੀੜ ਹੋਣ ਕਰਕੇ ਬਹੁਤ ਪ੍ਰੇਸ਼ਾਨੀ ਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਇਸ ਸੁਵਿਧਾ ਕੇਂਦਰ ਨੂੰ ਖੁੱਲ੍ਹਵਾਇਆ ਜਾਵੇ।