ਗੁਰਬਖਸ਼ਪੁਰੀ
ਤਰਨ ਤਾਰਨ, 3 ਨਵੰਬਰ
‘ਦੀ ਤਰਨ ਤਾਰਨ ਸੈਂਟਰਲ ਸਹਿਕਾਰੀ ਬੈਂਕ’ ਦੇ ਮੁਲਾਜ਼ਮਾਂ ਵੱਲੋਂ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਨੂੰ ਲਾਗੂ ਕਰਵਾਉਣ ਦੀ ਲਈ ਬੀਤੇ ਕੱਲ੍ਹ ਤੋਂ ਅਣਮਿਥੇ ਸਮੇਂ ਦੀ ਸ਼ੁਰੂ ਕੀਤੀ ਕਲਮ ਛੋੜ ਹੜਤਾਲ ਦੇ ਦੂਸਰੇ ਦਿਨ ਵੀ ਮੁਲਾਜ਼ਮਾਂ ਵੱਲੋਂ ਆਪਣਾ ਕੰਮ ਠੱਪ ਕਰਕੇ ਬੈਂਕ ਦੇ ਸਾਹਮਣੇ ਦਿਨ ਭਰ ਲਈ ਧਰਨਾ ਦਿੱਤਾ ਗਿਆ। ‘ਦੀ ਤਰਨ ਤਾਰਨ ਸੈਂਟਰਲ ਸਹਿਕਾਰੀ ਬੈਂਕ ਕਰਮਚਾਰੀ ਯੂਨੀਅਨ’ ਦੇ ਸੱਦੇ ’ਤੇ ਕੀਤੀ ਜਾ ਰਹੀ ਇਸ ਹੜਤਾਲ ਨੂੰ ਤਰਨ ਤਾਰਨ ਜ਼ਿਲ੍ਹੇ ਦੇ ਸਮੁੱਚੇ ਮੁਲਾਜ਼ਮਾਂ ਵੱਲੋਂ ਹੁੰਗਾਰਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਇਸ ਬੈਂਕ ਦਾ ਕਾਰੋਬਾਰ ਇਕ ਤਰ੍ਹਾਂ ਨਾਲ ਬੰਦ ਹੋ ਕੇ ਰਹਿ ਗਿਆ ਹੈ। ਜ਼ਿਲ੍ਹੇ ਅੰਦਰ ਇਸ ਬੈਂਕ ਦੀਆਂ ਵੱਖ ਵੱਖ ਪਿੰਡਾਂ-ਕਸਬਿਆਂ ’ਚ 40 ਸ਼ਾਖਾਵਾਂ ਹਨ| ਇਨ੍ਹਾਂ ਬੈਂਕਾਂ ਨਾਲ ਕਿਸਾਨਾਂ ਦਾ ਸਿੱਧੇ ਤੌਰ ’ਤੇ ਸੰਪਰਕ ਹੁੰਦਾ ਹੈ| ਅੱਜ ਇਥੇ ਧਰਨਾਕਾਰੀਆਂ ਨੂੰ ਅੰਦੋਲਨ ਦੀ ਅਗਵਾਈ ਕਰਦੀ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ, ਜਨਰਲ ਸਕੱਤਰ ਹਰਪ੍ਰਕਾਸ਼ ਸਿੰਘ, ਗੁਰਿੰਦਰ ਸਿੰਘ ਠੱਠਾ, ਕਸ਼ਮੀਰ ਸਿੰਘ, ਜਸਬੀਰ ਸਿੰਘ, ਸੰਤੋਖ ਸਿੰਘ, ਆਦਿ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਸੰਬੋਧਨ ’ਚ ਇਸ ਬੈਂਕ ਦੇ ਮੁਲਾਜ਼ਮਾਂ ’ਤੇ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰਨ ਲਈ ਜਾਰੀ ਕੀਤੇ ਪੱਤਰ ’ਚ ਰੱਖੀਆਂ ਸ਼ਰਤਾਂ ਨੂੰ ਰੱਦ ਕਰਨ ਦੀ ਮੰਗ ਕੀਤੀ| ਬੁਲਾਰਿਆਂ ਨੇ ਕਿਹਾ ਕਿ ਸੂਬੇ ’ਚ ਸਹਿਕਾਰੀ ਖੇਤਰ ਦੀਆਂ 20 ਬੈਂਕਾਂ ਵਿੱਚੋਂ 12 ਬੈਂਕਾਂ ਦੇ ਮੁਲਾਜ਼ਮਾਂ ਤੇ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਲਾਗੂ ਕਰ ਦਿੱਤੀਆਂ ਗਈਆਂ ਹਨ ਜਦੋਂਕਿ ਤਰਨ ਤਾਰਨ ਸਣੇ ਸੂਬੇ ਦੇ ਬਾਕੀ ਅੱਠ ਬੈਂਕਾਂ ਦੇ ਮੁਲਾਜ਼ਮਾਂ ਨੂੰ ਸਰਕਾਰੀ ਵਿਤਕਰੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ| ਉਨ੍ਹਾਂ ਕਿਹਾ ਕਿ ਬੈਂਕ ਦੇ ਬੋਰਡ ਆਫ਼ ਡਾਇਰੈਕਟਰਜ ਨੇ ਮੁਲਾਜ਼ਮਾਂ ਨੂੰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫ਼ਾਰਿਸ਼ਾਂ ਅਨੁਸਾਰ ਲਾਭ ਦੇਣ ਲਈ ਏਜੰਡਾ ਪਾਸ ਕਰਕੇ ਬਣਦੀ ਰਾਸ਼ੀ ਰਾਖਵੀਂ ਕੀਤੀ ਹੋਈ ਹੈ| ਜਥੇਬੰਦੀ ਨੇ ਮੰਗ ਨਾ ਮੰਨੇ ਜਾਣ ’ਤੇ ਸੂਬੇ ’ਚ ਸਹਿਕਾਰੀ ਖੇਤਰ ਦੀਆਂ ਸਾਰੀਆਂ ਬੈਂਕਾਂ ਦੇ ਮੁਲਾਜ਼ਮਾਂ ਵੱਲੋਂ 14 ਨਵੰਬਰ ਤੋਂ ਹੜਤਾਲ ’ਤੇ ਜਾਣ ਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ| ਹੜਤਾਲ ਨੂੰ ਬੈਂਕ ਦੀਆਂ ਮਹਿਲਾ ਮੁਲਾਜ਼ਮਾਂ ਵੱਲੋਂ ਵੀ ਸਮਰਥਨ ਦਿੱਤਾ ਜਾ ਰਿਹਾ ਹੈ| ਬੈਂਕ ਦੇ ਹੜਤਾਲੀ ਮੁਲਾਜ਼ਮਾਂ ਨੇ ਸੂਬਾ ਸਰਕਾਰ ਖ਼ਿਲਾਫ਼ ਖੂਬ ਨਾਅਰੇਬਾਜ਼ੀ ਕੀਤੀ| ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਪ੍ਰਧਾਨ ਕੰਵਲਪ੍ਰੀਤ ਸਿੰਘ ਪੰਨੂ ਨੇ ਇਸ ਸੰਘਰਸ਼ ਦੀ ਹਮਾਇਤ ਕੀਤੀ ਤੇ ਕਿਹਾ ਕਿ ਹੜਤਾਲ ਕਾਰਨ ਕਿਸਾਨਾਂ ਨੂੰ ਖਾਦ ਲੈਣ ’ਚ ਦਿੱਕਤ ਹੋਣ ਕਾਰਨ ਕਣਕ ਦੀ ਬਿਜਾਈ ਪਛੜ ਜਾਣ ਦਾ ਖਦਸ਼ਾ ਹੈ। ਜਿਸ ਕਾਰਨ ਸਰਕਾਰ ਨੂੰ ਬੈਂਕ ਮੁਲਾਜ਼ਮਾਂ ਦੀਆਂ ਮੰਗਾਂ ਤੁਰੰਤ ਮੰਨ ਲੈਣੀਆਂ ਚਾਹੀਦੀਆਂ ਹਨ।