ਜਤਿੰਦਰ ਬੈਂਸ
ਗੁਰਦਾਸਪੁਰ, 20 ਜੁਲਾਈ
ਇਥੇ ਪੰਜਾਬ ਅਤੇ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਸੱਦੇ ’ਤੇ ਸਥਾਨਕ ਡਾਕਖਾਨਾ ਚੌਕ ਵਿੱਚ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਮੰਗਾਂ ਪ੍ਰਤੀ ਲਾਰੇ ਲੱਪੇ ਦੀ ਨੀਤੀ ਵਿਰੁੱਧ ਲਾਰਿਆਂ ਦਾ ਘੜਾ ਭੰਨ੍ਹ ਕੇ ਰੋਸ ਪ੍ਰਦਰਸ਼ਨ ਕੀਤਾ। ਆਗੂਆਂ ਨੇ ਦੱਸਿਆ ਕਿ ਪੰਜ-ਪੰਜ ਦੇ ਗਰੁੱਪ ਬਣਾ ਕੇ ਵੱਖ-ਵੱਖ ਥਾਵਾਂ ’ਤੇ 20 ਤੋਂ 24 ਜੁਲਾਈ ਤੱਕ ਘੜਾ ਭੰਨ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ। ਰੋਸ ਪ੍ਰਦਰਸ਼ਨ ਸਮੇਂ ਮੁਲਾਜ਼ਮਾਂ ਨੇ ਮੰਗਾਂ ਸਬੰਧੀ ਮਾਟੋ ਫੜੇ ਹੋਏ ਸਨ। ਮੁਲਾਜ਼ਮਾਂ ਵੱਲੋਂ ਕੱਚੇ ਮੁਲਾਜ਼ਮ ਪੱਕੇ ਕਰਨ, ਪੇਅ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ, ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਮਿੱਡ-ਡੇਅ ਮੀਲ, ਆਂਗਣਵਾੜੀ, ਆਸ਼ਾ ਵਰਕਰਾਂ ਨੂੰ ਘੱਟੋ-ਘੱਟ ਉਜਰਤ ਦੇਣ, ਤਰੱਕੀਆਂ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਨ ਅਤੇ ਨਿੱਜੀਕਰਨ ਬੰਦ ਕਰਨ ਦੀ ਮੰਗ ਕੀਤੀ। ਮੁਲਾਜ਼ਮਾਂ ਵਲੋਂ ਪੰਜਾਬ ਸਰਕਾਰ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਆਦਮਪੁਰ ਦੋਆਬਾ (ਹਤਿੰਦਰ ਮਹਿਤਾ): ਇਥੇ ਨਹਿਰੀ ਵਿਸ਼ਰਾਮ ਘਰ ਆਦਮਪੁਰ ਵਿਖੇ ਸੂਬਾ ਕਮੇਟੀ ਦੇ ਦਿਸ਼ਾਂ ਨਿਰਦੇਸ਼ਾਂ ਅਧੀਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਮੰਗਾਂ ਨੂੰ ਲਈ ਰੋਸ ਮੁਜ਼ਾਹਰਾ ਕੀਤਾ। ਜਿਸ ਦੌਰਾਨ ਉਨ੍ਹਾਂ ਵਲੋਂ ਅਧਿਆਪਕਾਂ ਦੀਆਂ ਕਰੋਨਾ ਮਰੀਜ਼ਾਂ ਦੀ ਦੇਖਭਾਲ ਤੇ ਡਿਊਟੀ ਬੰਦ ਕਰਨ, ਕੇਂਦਰੀ ਪੇਅ ਸਕੇਲ ਦੇਣ ਤੇ ਜਾਰੀ ਨੋਟੀਫਿਕੇਸ਼ਨ ਰੱਦ ਕਰਨ, ਅਧਿਆਪਕਾਂ ਦਾ ਬਕਾਇਆ ਡੀਏ ਦੀਆਂ ਕਿਸ਼ਤਾਂ ਜਾਰੀ ਕਰਨ, ਨਵੀਂ ਭਰਤੀ ਦੀ ਤਨਖਾਹ ਵਿੱਚ ਕਟੌਤੀ ਪ੍ਰਵਾਨ ਨਹੀ ਆਦਿ ਮੰਗਾਂ ਸਰਕਾਰ ਸਾਹਮਣੇ ਰੱਖੀਆਂ।
ਪਠਾਨਕੋਟ (ਪੱਤਰ ਪ੍ਰੇਰਕ): ਪੰਜਾਬ ਸਰਕਾਰ ਵਲੋਂ ਮੁਲਾਜ਼ਮਾਂ ਦੀ ਮੰਗਾਂ ਦੀ ਅਣਦੇਖੀ ਦੇ ਵਿਰੋਧ ਵਿੱਚ ਅੱਜ ਪੀਡਬਲਯੂਡੀ ਫੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਵਲੋਂ ਚੇਅਰਮੈਨ ਸਤੀਸ਼ ਸ਼ਰਮਾ ਦੀ ਅਗਵਾਈ ਵਿੱਚ ਮਟਕਾ ਤੋੜ ਪ੍ਰਦਰਸ਼ਨ ਕੀਤਾ ਗਿਆ।
ਇਸੇ ਤਰ੍ਹਾਂ ਰਣਜੀਤ ਸਾਗਰ ਡੈਮ ਪ੍ਰਾਜੈਕਟ ਦੇ ਚੀਫ ਇੰਜਨੀਅਰ ਦਫ਼ਤਰ ਦੇ ਬਾਹਰ ਜ਼ਿਲ੍ਹਾ ਕਨਵੀਨਰ ਗੁਰਨਾਮ ਸਿੰਘ ਸੈਣੀ ਦੀ ਅਗਵਾਈ ਵਿੱਚ ਕਾਲੇ ਬਿੱਲੇ ਅਤੇ ਕਾਲੇ ਮਾਸਕ ਪਹਿਨ ਕੇ ਮੁਲਾਜ਼ਮਾਂ ਨੇ ਸਰਕਾਰ ਵਲੋਂ ਜਾਰੀ ਮੁਲਾਜ਼ਮ ਵਿਰੋਧੀ ਨੋਟੀਫੀਕੇਸ਼ਨ ਦੀਆਂ ਕਾਪੀਆਂ ਸਾੜਕੇ ਪ੍ਰਦਰਸ਼ਨ ਕੀਤਾ।
ਤਰਨ ਤਾਰਨ (ਪੱਤਰ ਪ੍ਰੇਰਕ): ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਦੀ ਸਥਾਨਕ ਜ਼ਿਲ੍ਹਾ ਇਕਾਈ ਨੇ ਪੰਜਾਬ ਸਰਕਾਰ ਵਲੋਂ ਆਪਣੇ ਮੁਲਾਜ਼ਮਾਂ ਦੀਆਂ ਤਨਖਾਹਾਂ ਕੇਂਦਰ ਸਰਕਾਰ ਦੀ ਤਰਜ ’ਤੇ ਦੇਣ ਅਤੇ ਹੋਰ ਮੰਗਾਂ ਬਾਰੇ ਧਾਰਨ ਨੀਤੀਆਂ ਖਿਲਾਫ਼ ਅੱਜ ਇਥੋਂ ਦੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਪਰਦਰਸ਼ਨ ਕੀਤਾ। ਸਰਕਾਰ ਵਲੋਂ ਇਸ ਸਬੰਧੀ ਜਾਰੀ ਕੀਤੇ ਪੱਤਰ ਦੀਆਂ ਕਾਪੀਆਂ ਵੀ ਸਾੜੀਆਂ।