ਜਤਿੰਦਰ ਬੈੰਸ
ਗੁਰਦਾਸਪੁਰ, 10 ਜੁਲਾਈ
ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ ਸਥਾਨਕ ਗੁਰੂ ਨਾਨਕ ਪਾਰਕ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਮਾਪਿਆਂ ਨੇ ਸ਼ਮੂਲੀਅਤ ਕਰਕੇ ਪ੍ਰਾਈਵੇਟ ਸਕੂਲਾਂ ਵੱਲੋਂ ਫ਼ੀਸਾਂ ਵਸੂਲਣ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਪ੍ਰਦਰਸ਼ਨਕਾਰੀਆਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪ ਕੇ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ।
ਯੂਨੀਅਨ ਦੇ ਸੂਬਾਈ ਆਗੂ ਅਮਰ ਕ੍ਰਾਂਤੀ ਨੇ ਕਿਹਾ ਕਿ ਆਖਰੀ ਸਾਲ ਦੇ ਵਿਦਿਆਰਥੀਆਂ ਦੇ ਪੇਪਰਾਂ ਨੂੰ ਲੈ ਕੇ ਕਈ ਤਰ੍ਹਾਂ ਦੇ ਭੁਲੇਖੇ ਖੜ੍ਹੇ ਕੀਤੇ ਜਾ ਰਹੇ ਹਨ। ਕਦੀ ਪੰਜਾਬ ਸਰਕਾਰ ਵਿਦਿਆਰਥੀਆਂ ਦੇ ਪੇਪਰ ਰੱਦ ਕਰ ਦਿੰਦੀ ਹੈ ਤਾਂ ਯੂਨੀਵਰਸਿਟੀ ਗਰਾਂਟਸ ਕਮਿਸ਼ਨ ਵਿਦਿਆਰਥੀਆਂ ਦੇ ਪੇਪਰ ਲੈਣ ਦੀ ਹਦਾਇਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇੱਕਦਮ ਪੇਪਰ ਲੈਣਾ ਗਲ਼ਤ ਹੈ। ਪੇਪਰ ਲੈਣ ਦੀ ਬਜਾਏ ਵਿਦਿਆਰਥੀਆਂ ਨੂੰ ਸਿੱਧਾ ਪ੍ਰਮੋਟ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੇਪਰ ਲੈਣੇ ਹੀ ਹਨ ਤਾਂ ਘੱਟ ਤੋਂ ਘੱਟ ਇੱਕ ਮਹੀਨਾ ਪਹਿਲਾਂ ਕਲਾਸਾਂ ਲਗਾਈਆਂ ਜਾਣ ਅਤੇ ਵਿਦਿਆਰਥੀਆਂ ਨੂੰ ਪੇਪਰਾਂ ਦੀ ਤਿਆਰੀ ਕਰਨ ਦਾ ਮੌਕਾ ਦਿੱਤਾ ਜਾਣਾ ਚਾਹੀਦਾ ਹੈ।
ਯੂਨੀਅਨ ਦੇ ਜ਼ਿਲ੍ਹਾ ਆਗੂ ਮਨੀ ਭੱਟੀ ਨੇ ਕਿਹਾ ਕਿ ਦੇਸ਼ ਵਿੱਚ ਕਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਦਾ ਅਸਰ ਵਿਦਿਆਰਥੀਆਂ ਉੱਪਰ ਵੀ ਪਿਆ ਹੈ। ਕੇਂਦਰ ਤੇ ਸੂਬਾ ਸਰਕਾਰਾਂ ਨੇ ਵਿਦਿਆਰਥੀ ਵਿਰੋਧੀ ਫੈਸਲਿਆਂ ਦੀ ਝੜੀ ਲਾ ਦਿੱਤੀ ਹੈ ਜਿਸ ਵਿੱਚ ਵੱਡਾ ਫੈਸਲਾ ਮੈਡੀਕਲ ਕਾਲਜਾਂ ਦੀਆਂ 70 ਫ਼ੀਸਦ ਫੀਸਾਂ ਵਿੱਚ ਵਾਧਾ ਕਰਨਾ ਹੈ।
ਉਨ੍ਹਾਂ ਕਿਹਾ ਕਿ ਇੱਕ ਪਾਸੇ ਕਰੋਨਾ ਵਾਇਰਸ ਤੇ ਇਸ ਵਰਗੀਆਂ ਹੋਰਨਾਂ ਬਿਮਾਰੀਆਂ ਨੂੰ ਹਰਾਉਣ ਲਈ ਵੱਧ ਤੋਂ ਵੱਧ ਡਾਕਟਰਾਂ ਦੀ ਜਰੂਰਤ ਹੈ, ਜਿਸ ਲਈ ਮੈਡੀਕਲ ਕੋਰਸਾਂ ਦੀਆਂ ਫੀਸਾਂ ਘੱਟ ਤੋਂ ਘੱਟ ਹੋਣੀਆਂ ਚਾਹੀਦੀਆਂ ਹਨ ਪਰ ਪੰਜਾਬ ਵਿੱਚ ‘ਗੰਗਾ’ ਉਲਟੀ ਹੀ ਵਹਿ ਰਹੀ ਹੈ ਮੈਡੀਕਲ ਕੋਰਸ ਸਭ ਤੋਂ ਮਹਿੰਗੇ ਕੋਰਸ ਸਾਬਤ ਹੋ ਰਹੇ ਹਨ।
ਪੈਰੇਂਟਸ ਐਸੋਸੀਏਸ਼ਨ ਦੇ ਪ੍ਰਧਾਨ ਕਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਤਿੰਨ ਮਹੀਨੇ ਲੋਕਾਂ ਦਾ ਰੁਜ਼ਗਾਰ ਬਿਲਕੁਲ ਠੱਪ ਰਿਹਾ ਹੈ, ਪਰ ਬਜਾਏ ਇਸ ਨੂੰ ਸਮਝਣ ਦੇ ਪੰਜਾਬ ਦੇ ਪ੍ਰਾਈਵੇਟ ਸਕੂਲਾਂ ਮਾਪਿਆਂ ਤੇ ਦਬਾਅ ਬਣਾ ਕੇ ਫੀਸ ਵਸੂਲ ਰਹੇ ਹਨ।