ਐੱਨ ਪੀ ਧਵਨ
ਪਠਾਨਕੋਟ, 14 ਸਤੰਬਰ
ਜ਼ਿਲ੍ਹੇ ਅੰਦਰ ਡੇਂਗੂ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਸ ਦੇ ਮਰੀਜ਼ਾਂ ਦੀ ਗਿਣਤੀ ਵਧ ਕੇ 101 ਤੱਕ ਪੁੱਜ ਗਈ ਹੈ। ਪਿਛਲੇ ਇੱਕ ਹਫ਼ਤੇ ਤੋਂ ਹੀ ਦਰਜਨਾਂ ਦੀ ਗਿਣਤੀ ਵਿੱਚ ਡੇਂਗੂ ਦੇ ਕੇਸ ਸਾਹਮਣੇ ਆ ਰਹੇ ਹਨ। ਬੀਤੇ ਕੱਲ੍ਹ ਡੇਂਗੂ ਦੇ 21 ਮਰੀਜ਼ ਮਿਲੇ ਸਨ।
ਇੱਥੇ ਡੇਂਗੂ ਦੇ ਕੇਸਾਂ ਦੀ ਗਿਣਤੀ ਵਿੱਚ ਵਾਧੇ ਨੇ ਸਿਹਤ ਵਿਭਾਗ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ। ਇਸ ਨੂੰ ਲੈ ਕੇ ਵਿਧਾਇਕ ਅਮਿਤ ਵਿੱਜ ਨੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨਾਲ ਅੱਜ ਮੀਟਿੰਗ ਕਰ ਕੇ ਡੇਂਗੂ ਦੀ ਰੋਕਥਾਮ ਲਈ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ। ਕੱਲ੍ਹ ਆਏ 21 ਕੇਸਾਂ ਵਿੱਚੋਂ 17 ਮਰੀਜ਼ ਪਠਾਨਕੋਟ ਸ਼ਹਿਰ ਦੇ ਹਨ ਜਦਕਿ 4 ਮਰੀਜ਼ ਪੇਂਡੂ ਖੇਤਰ ਤੋਂ ਹਨ।
ਐੱਸਐੱਮਓ ਡਾ. ਰਾਕੇਸ਼ ਸਰਪਾਲ ਨੇ ਕਿਹਾ ਕਿ ਵਿਭਾਗ ਵੱਲੋਂ ਖਾਨਪੁਰ, ਉੱਤਮ ਗਾਰਡਨ ਕਲੋਨੀ, ਮਨਵਾਲ ਬਾਗ, ਈਸਾਨਗਰ, ਭਦਰੋਆ, ਘਰਥੋਲੀ ਮੁਹੱਲਾ ਅਤੇ ਮਾਡਲ ਟਾਊਨ ਵਿੱਚ 267 ਦੇ ਕਰੀਬ ਘਰਾਂ ਦਾ ਸਰਵੇਖਣ ਕੀਤਾ ਗਿਆ ਜਿੱਥੇ ਵੱਡੀਮਾਤਰਾ ਵਿੱਚ ਮੱਛਰਾਂ ਦਾ ਲਾਰਵਾ ਮਿਲਿਆ ਜਿਸ ਨੂੰ ਮੌਕੇ ’ਤੇ ਨਸ਼ਟ ਕਰ ਦਿੱਤਾ ਗਿਆ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵਿਭਾਗ ਨੂੰ ਸਹਿਯੋਗ ਦੇਣ।