ਪੱਤਰ ਪ੍ਰੇਰਕ
ਪਠਾਨਕੋਟ, 3 ਅਗਸਤ
ਇਥੇ ਸਬ-ਜੇਲ੍ਹ ਵਿੱਚ ਵੱਖ-ਵੱਖ ਕੇਸਾਂ ਦੇ ਸਬੰਧ ਵਿੱਚ ਬੰਦ ਹਵਾਲਾਤੀ ਆਪਸ ਵਿੱਚ ਭਿੜ ਗਏ। ਜਿਸ ’ਤੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲੀਸ ਨੇ 8 ਹਵਾਲਾਤੀਆਂ ਖਿਲਾਫ ਕੇਸ ਦਰਜ ਕੀਤਾ ਹੈ। ਇਹ ਮਾਮਲਾ ਸਬ ਜੇਲ੍ਹ ਪਠਾਨਕੋਟ ਦੇ ਵਾਰੰਟ ਅਫਸਰ ਬਲਵਿੰਦਰ ਸਿੰਘ ਦੀ ਲਿਖਤੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ। ਆਪਣੀ ਸ਼ਿਕਾਇਤ ਵਿੱਚ ਵਾਰੰਟ ਅਫਸਰ ਬਲਵਿੰਦਰ ਸਿੰਘ ਨੇ ਲਿਖਿਆ ਕਿ ਮੁਲਜ਼ਮ ਹਵਾਲਾਤੀ ਮਨਪ੍ਰੀਤ ਸਿੰਘ ਵਾਸੀ ਸੈਦਪੁਰ ਜ਼ਿਲ੍ਹਾ ਹੁਸ਼ਿਆਰਪੁਰ, ਦਵਿੰਦਰ ਸਿੰਘ ਵਾਸੀ ਪਿੰਡ ਨੰਗਲ ਸੈਦੀਆਂ ਜ਼ਿਲ੍ਹਾ ਹੁਸ਼ਿਆਰਪੁਰ, ਰੋਬਿਨ ਕੁਮਾਰ ਵਾਸੀ ਗੁੱਡੀ ਮੁਹੱਲਾ ਸੁਜਾਨਪੁਰ, ਅਨਿਲ ਵਾਸੀ ਪਾਵਰ ਹਾਊਸ ਸ਼ਾਸਤਰੀ ਕਲੋਨੀ ਸੋਨੀਪਤ ਹਰਿਆਣਾ, ਰਾਜੇਸ਼ ਉਰਫ ਛੋਟਾ ਵਾਸੀ ਮੁਹੱਲਾ ਪੁੰਨੂ ਪਿੰਡ ਬਿਚਪੋਰੀ ਸੋਨੀਪਤ ਹਰਿਆਣਾ, ਰਣਯੋਧ ਸਿੰਘ ਵਾਸੀ ਨੰਗਲ ਕੋਟਲੀ ਗੁਰਦਾਸਪੁਰ, ਨੇ 2 ਮੁਲਜ਼ਮ ਭਰਾਵਾਂ ਅਕਸ਼ਦੀਪ ਗੌਤਮ ਤੇ ਸ਼ੰਕਰਦੀਪ ਗੌਤਮ ਵਾਸੀ ਪਿੰਡ ਡੂੰਘ ਥਾਣਾ ਸ਼ਾਹਪੁਰਕੰਡੀ ਉਪਰ ਹਮਲਾ ਕਰ ਦਿੱਤਾ। ਇਸ ਤਰ੍ਹਾਂ ਇਨ੍ਹਾਂ ਸਾਰਿਆਂ ਨੇ ਅਜਿਹਾ ਕਰਕੇ ਜੇਲ੍ਹ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੁਲੀਸ ਨੇ ਦੋਹਾਂ ਧਿਰਾਂ ਦੇ ਅੱਠਾਂ ਮੁਲਜ਼ਮਾਂ ਖਿਲਾਫ ਕੇਸ ਦਰਜ ਕਰ ਦਿੱਤਾ ਹੈ।