ਜਤਿੰਦਰ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 9 ਸਤੰਬਰ
ਇਤਿਹਾਸਕ ਜੋੜ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦਿਆਂ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਵੱਲੋਂ ਕਸਬਾ ਫਤਿਆਬਾਦ ਅਤੇ ਗੋਇੰਦਵਾਲ ਸਾਹਿਬ ਦੇ ਸ਼ਰਾਬ ਠੇਕੇ, ਮੀਟ ਦੀਆਂ ਦੁਕਾਨਾਂ ਅਤੇ ਅਹਾਤੇ ਆਦਿ ਦੋ ਦਿਨ ਲਈ ਮੁਕੰਮਲ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਸਨ। ਇਨ੍ਹਾਂ ਹੁਕਮਾਂ ਨੂੰ ਟਿੱਚ ਜਾਣਦਿਆਂ ਸ਼ਰਾਬ ਠੇਕੇਦਾਰਾਂ ਨੇ ਮੇਲੇ ਦੌਰਾਨ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਨੂੰ ਦਰਕਿਨਾਰ ਕਰ ਕੇ ਠੇਕੇ ਖੁੱਲ੍ਹੇ ਰੱਖੇ। ਡਿਪਟੀ ਕਮਿਸ਼ਨਰ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਸਥਾਨਕ ਪੁਲੀਸ ਬੇਵੱਸ ਦਿਖਾਈ ਦਿੱਤੀ।
ਮੇਲੇ ਦੌਰਾਨ ਦਰਸ਼ਨ ਕਰਨ ਆਏ ਸ਼ਰਧਾਲੂਆਂ ਨੇ ਸ਼ਰਾਬ ਠੇਕੇਦਾਰਾਂ ਅਤੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਗਟ ਕਰਦਿਆਂ ਆਖਿਆ ਕਿ ਗੁਰੂ ਅਮਰਦਾਸ ਦੇ ਜੋਤੀ-ਜੋਤ ਦਿਵਸ ਮੌਕੇ ਇਤਿਹਾਸਕ ਮੇਲੇ ਵਿੱਚ ਠੇਕੇ ਖੋਲ੍ਹਣਾ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਦੂਰ-ਦੁਰਾਡੇ ਤੋਂ ਸੰਗਤ ਗੁਰੂ ਘਰ ਦਰਸ਼ਨ ਕਰਨ ਆਉਂਦੀ ਹੈ। ਇਸ ਦੌਰਾਨ ਸ਼ਰਾਬ ਦੇ ਠੇਕੇ ਖੋਲ੍ਹਣ ਨਾਲ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਇਸ ਸਬੰਧੀ ਨਿਰਮਲ ਸਿੰਘ, ਅਜੀਤ ਸਿੰਘ, ਗੁਰਮੀਤ ਸਿੰਘ, ਹਰਪ੍ਰੀਤ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਮੋਨੀਸ਼ ਕੁਮਾਰ ਕੋਲੋਂ ਮੰਗ ਕਰਦਿਆਂ ਆਖਿਆ ਕਿ ਪ੍ਰਸ਼ਾਸਨ ਦੇ ਹੁਕਮਾਂ ਦੀ ਉਲੰਘਣਾ ਕਰਨ ਵਾਲੇ ਸ਼ਰਾਬ ਠੇਕੇਦਾਰਾਂ ਖ਼ਿਲਾਫ਼ ਸਖਤ ਕਾਰਵਾਈ ਹੋਵੇ। ਇਸ ਬਾਬਤ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੇ ਵੀ ਸ਼ਰਾਬ ਠੇਕੇਦਾਰਾਂ ਦੀ ਨਿਖੇਧੀ ਕੀਤੀ। ਮਾਮਲੇ ਸਬੰਧੀ ਥਾਣਾ ਮੁਖੀ ਰਾਜਿੰਦਰ ਸਿੰਘ ਨੇ ਆਖਿਆ ਕਿ ਕਸਬੇ ਦੀਆਂ ਮੀਟ ਅਤੇ ਸਰਾਬ ਦੀਆਂ ਦੁਕਾਨਾਂ ਨੂੰ ਬੰਦ ਕਰਨ ਲਈ ਦੋ ਦਿਨ ਪਹਿਲਾਂ ਹੀ ਆਰਡਰ ਦਿੱਤੇ ਗਏ ਸਨ ਪਰ ਜੇਕਰ ਸ਼ਰਾਬ ਠੇਕੇਦਰਾਂ ਵੱਲੋਂ ਠੇਕੇ ਖੁੱਲ੍ਹੇ ਰੱਖੇ ਗਏ ਹਨ ਤਾਂ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਮੇਲੇ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਤਨਦੇਹੀ ਨਾਲ ਡਿਊਟੀ ਨਿਭਾਈ ਜਾ ਰਹੀ ਹੈ।
ਚੋਰ ਮੋਰੀ ਰਾਹੀਂ ਵੇਚੀ ਸ਼ਰਾਬ
ਮਾਮਲਾ ਉੱਚ ਅਧਿਕਾਰੀਆ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਸ਼ਰਾਬ ਠੇਕੇਦਾਰ ਦੀ ਮੇਲੇ-ਜੱਗ ਦੌਰਾਨ ਹੋਰ ਚਾਂਦੀ ਹੁੰਦੀ ਦਿਖਾਈ ਦਿੱਤੀ। ਪ੍ਰਸ਼ਾਸਨ ਦੀ ਫਰਜ਼ੀ ਸਖਤੀ ਦੇ ਚੱਲਦਿਆਂ ਖੋਲ੍ਹੇ ਠੇਕੇ ਤਾਂ ਬੰਦ ਹੋਏ ਪਰ ਚੋਰ ਮੋਰੀ ਰਾਹੀਂ ਸ਼ਰਾਬ ਵੇਚਣ ਦਾ ਸਿਲਸਿਲਾ ਜਾਰੀ ਰਿਹਾ। ਮੇਲੇ ਦੌਰਾਨ 500 ਵਾਲੀ ਬੋਤਲ 700 ’ਚ ਵੇਚ ਕੇ ਪ੍ਰਸ਼ਾਸਨ ਦੀ ਸਖ਼ਤੀ ਦੀ ਭਰਪਾਈ ਆਮ ਲੋਕਾ ਕੋਲੋਂ ਕੀਤੀ ਗਈ।