ਪੱਤਰ ਪ੍ਰੇਰਕ
ਜੰਡਿਆਲਾ ਗੁਰੂ, 16 ਅਕਤੂਬਰ
ਜੰਡਿਆਲਾ ਗੁਰੂ ਅਤੇ ਇਸ ਦੇ ਆਸ ਪਾਸ ਦੇ ਪਿੰਡਾਂ ਦੇ ਖੇਤਾਂ ਵਿੱਚ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਕੀਤੇ ਬਿਨਾਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ ਹੈ। ਜਿਸ ਕਾਰਨ ਵਾਤਾਵਰਨ ਵਿੱਚ ਪ੍ਰਦੂਸ਼ਣ ਹੋ ਰਿਹਾ ਹੈ ਅਤੇ ਇਸ ਨਾਲ ਪੈਦਾ ਹੋਣ ਵਾਲਾ ਜ਼ਹਿਰੀਲਾ ਧੂੰਆਂ ਸਿਹਤ ਲਈ ਵੀ ਹਾਨੀਕਾਰਕ ਸਾਬਤ ਹੋ ਰਿਹਾ ਹੈ। ਧੂੰਏਂ ਕਾਰਨ ਪੈਲੀਆਂ ਦੇ ਕੋਲੋਂ ਲੰਘ ਰਹੀ ਸੜਕ ਉੱਪਰ ਵੇਖਣਾ ਵੀ ਮੁਸ਼ਕਿਲ ਹੋ ਰਿਹਾ ਹੈ ਅਤੇ ਇਹ ਹਾਦਸਿਆਂ ਦਾ ਕਾਰਨ ਬਣ ਰਿਹਾ ਹੈ। ਜੰਡਿਆਲਾ ਗੁਰੂ ਤੋਂ ਤਰਨਤਾਰਨ, ਵੈਰੋਵਾਲ ਅਤੇ ਖਜਾਲੇ ਜਾਣ ਵਾਲੀਆਂ ਸੜਕਾਂ ਉੱਪਰ ਹਰ ਪਾਸੇ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਉਣਾ ਜਾਰੀ ਹੈ। ਇਸ ਸਬੰਧੀ ਧੂਏਂ ਵਿੱਚੋਂ ਲੰਘ ਰਹੇ ਰਾਹਗੀਰ ਜਸਦੇਵ ਸਿੰਘ, ਬਲਜਿੰਦਰ ਕੌਰ, ਦਿਲਬਾਗ ਸਿੰਘ ਤੇ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਲਿੰਕ ਰੋਡ ਉੱਤੇ ਜਦੋਂ ਕੋਈ ਕਿਸਾਨ ਪਰਾਲੀ ਨੂੰ ਅੱਗ ਲਾਉਂਦਾ ਹੈ ਤਾਂ ਉਸ ਦਾ ਧੂੰਆਂ ਇੰਨਾ ਜ਼ਹਿਰੀਲਾ ਹੁੰਦਾ ਹੈ ਕਿ ਸਾਹ ਲੈਣਾ ਵੀ ਮੁਸ਼ਕਲ ਹੋ ਜਾਂਦਾ ਹੈ ਅਤੇ ਇਸ ਤੋਂ ਇਲਾਵਾ ਸੜਕ ਉਪਰ ਕੁਝ ਵੀ ਦਿਖਾਈ ਨਹੀਂ ਦਿੰਦਾ। ਇਸ ਮਾਮਲੇ ਵਿੱਚ ਪਿਛਲੇ ਸਾਲ ਪੁਲੀਸ ਵੱਲੋਂ ਕਰੀਬ 30 ਮਾਮਲੇ ਦਰਜ ਕੀਤੇ ਗਏ ਸਨ ਅਤੇ ਇਸ ਵਾਰ ਪੰਜਾਬ ਸਰਕਾਰ ਦੇ ਮਾਲ ਵਿਭਾਗ ਨੇ ਪਰਾਲੀ ਸਾੜਨ ਵਾਲਿਆਂ ਖ਼ਿਲਾਫ਼ ਜ਼ੁਲਮ ਜੁਰਮਾਨਾ ਲਗਾਉਣ ਬਾਰੇ ਕਿਹਾ ਹੈ। ਜੰਡਿਆਲਾ ਗੁਰੂ ਸਬ ਤਹਿਸੀਲ ਦੀ ਨਾਇਬ ਤਹਿਸੀਲਦਾਰ ਅਕਵਿੰਦਰ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਦਿੱਤੇ ਨਿਰਦੇਸ਼ਾਂ ਅਨੁਸਾਰ ਪੰਜ ਛੇ ਥਾਵਾਂ ਉਪਰ ਜੁਰਮਾਨੇ ਤੇ ਚਲਾਨ ਕੀਤੇ ਜਾ ਚੁੱਕੇ ਹਨ।