ਐੱਨਪੀ ਧਵਨ
ਪਠਾਨਕੋਟ, 7 ਜੂਨ
ਪਠਾਨਕੋਟ ਸ਼ਹਿਰ ਦੀ ਢਾਕੀ ਕਾਲਜ ਰੋਡ ਦੀ ਹਾਲਤ ਮੰਦੀ ਹੋਣ ’ਤੇ ਭਾਰਤੀਆ ਸੇਵਾ ਦਲ ਸੰਸਥਾ ਨੇ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਆਗੂਆਂ ਨੇ ਸਥਾਨਕ ਪ੍ਰਸ਼ਾਸਨ ਦੀ ਅਲੋਚਨਾ ਕਰਦੇ ਹੋਏ ਇਸ ਦੀ ਮੁਰੰਮਤ ਕਰਨ ਦੀ ਮੰਗ ਕੀਤੀ ਹੈ।
ਭਾਰਤੀਆ ਸੇਵਾ ਦਲ ਦੇ ਚੇਅਰਮੈਨ ਬੂਆ ਸਿੰਘ, ਧਰਮਪਾਲ, ਜਸਪਾਲ, ਸੋਮਨਾਥ, ਧਰਮ ਪਾਲ ਸਿੰਘ, ਗੁਰਮੇਜ ਸਿੰਘ, ਆਫਤਾਬ ਸਿੰਘ, ਨਵੀਨ ਭੱਟੀ, ਚਮਨ ਲਾਲ, ਮੰਗਲ ਦਾਸ, ਓਮ ਪ੍ਰਕਾਸ਼, ਰਾਜ ਕੁਮਾਰ, ਸੁਰਿੰਦਰ ਕੁਮਾਰ ਅਤੇ ਜੀਵਨ ਸਿੰਘ ਨੇ ਦੱਸਿਆ ਕਿ ਇਹ ਸ਼ਹਿਰ ਦੀ ਪ੍ਰਮੁੱਖ ਸੜਕ ਹੈ ਅਤੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਨੂੰ ਜਾਣ ਵਾਲਾ ਸਾਰਾ ਟਰੈਫਿਕ ਇਸ ਸੜਕ ਤੋਂ ਲੰਘ ਕੇ ਜਾਂਦਾ ਹੈ। ਇਸ ਸੜਕ ਦੀ ਇੰਨੀ ਜਰਜਰ ਹਾਲਤ ਹੈ ਕਿ ਇਸ ਉਪਰੋਂ ਲੰਘਣ ਵਾਲੇ ਵਾਹਨ ਚਾਲਕ ਸੜਕ ’ਤੇ ਪਏ ਹੋਏ ਟੋਇਆਂ ਵਿੱਚ ਝਟਕੇ ਲੱਗਣ ਨਾਲ ਪ੍ਰਸ਼ਾਸਨ ਨੂੰ ਅਕਸਰ ਕੋਸਦੇ ਹੋਏ ਲੰਘਦੇ ਹਨ।
ਆਗੂਆਂ ਨੇ ਸਥਾਨਕ ਵਿਧਾਇਕ ਉਪਰ ਨਿਸ਼ਾਨਾ ਸਾਧਦਿਆਂ ਕਿਹਾ ਕਿ ਵਿਧਾਇਕ ਅਕਸਰ ਹੀ ਸ਼ਹਿਰ ਅੰਦਰ ਵਿਕਾਸ ਕਰਵਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ ਹਨ ਪਰ ਇਹ ਸੜਕ ਹੀ ਉਨ੍ਹਾਂ ਦੇ ਦਾਅਵਿਆਂ ਨੂੰ ਖੋਖਲਾ ਸਾਬਿਤ ਕਰਦੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਇਸ ਸੜਕ ਦੀ ਮੁਰੰਮਤ ਨਾ ਕਰਵਾਈ ਗਈ ਤਾਂ ਭਾਰਤੀਆ ਸੇਵਾ ਦਲ ਵੱਲੋਂ ਇਸ ਮੰਗ ਨੂੰ ਲੈ ਕੇ ਸ਼ਹਿਰ ਅੰਦਰ ਸੰਘਰਸ਼ ਛੇੜ ਦਿੱਤਾ ਜਾਵੇਗਾ ਤੇ ਇਸ ਸੰਘਰਸ਼ ਦੌਰਾਨ ਵਿਕਾਸ ਦੇ ਦਾਅਵਿਆਂ ਦਾ ਚਿੱਠਾ ਵੀ ਸ਼ਹਿਰ ਵਾਸੀਆਂ ਕੋਲ ਖੋਲ੍ਹਿਆ ਜਾਵੇਗਾ।
ਸੜਕ ਦੀ ਮੁਰੰਮਤ ਛੇਤੀ ਕਰਵਾ ਦਿੱਤੀ ਜਾਵੇਗੀ: ਵਿਧਾਇਕ
ਪਠਾਨਕੋਟ ਦੇ ਵਿਧਾਇਕ ਅਮਿਤ ਵਿਜ ਨੇ ਕਿਹਾ ਕਿ ਇਸ ਸੜਕ ਦੀ ਮੁਰੰਮਤ ਜਲਦੀ ਹੀ ਸ਼ੁਰੂ ਕਰਵਾ ਦਿੱਤੀ ਜਾਵੇਗੀ ਤੇ ਇਸ ਸਬੰਧੀ ਉਨ੍ਹਾਂ ਪੀਡਬਲਯੂਡੀ ਵਿਭਾਗ ਦੇ ਐਕਸੀਅਨ ਮਨਮੋਹਨ ਸਾਰੰਗਲ ਨੂੰ ਵੀ ਇਸ ਸੜਕ ਦੀ ਮੁਰੰਮਤ ਪਹਿਲ ਦੇ ਆਧਾਰ ’ਤੇ ਕਰਨ ਲਈ ਕਹਿ ਦਿੱਤਾ ਹੈ।
ਮਿਆਣੀ ਰੋਡ ਦੀ ਤਰਸਯੋਗ ਹਾਲਤ ਤੋਂ ਲੋਕ ਔਖੇ
ਦਸੂਹਾ (ਭਗਵਾਨ ਦਾਸ ਸੰਦਲ): ਇੱਥੇ ਦਸੂਹਾ-ਮਿਆਣੀ ਸੰਪਰਕ ਸੜਕ ਦੀ ਹਾਲਤ ਦਹਾਕੇ ਤੋਂ ਵੱਧ ਅਰਸੇ ਤੋਂ ਬਦ ਤੋਂ ਬਦਤਰ ਬਣੀ ਹੋਈ ਹੈ। ਇਸ ਕਾਰਨ ਵਾਪਰੇ ਹਾਦਸਿਆਂ ਵਿੱਚ ਜਿਥੇ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ ਉੱਥੇ ਹੀ ਸੈਂਕੜੇ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਤੇ ਆਪਣੇ ਵਾਹਨਾਂ ਦਾ ਨੁਕਸਾਨ ਕਰਵਾ ਚੁੱਕੇ ਹਨ। ਸੜਕ ਵਿਚਕਾਰ ਪਏ ਡੂੰਘੇ ਟੋਏ ਥੋੜ੍ਹੇ ਜਿਹੇ ਮੀਂਹ ਦੇ ਪਾਣੀ ਨਾਲ ਭਰ ਜਾਂਦੇ ਹਨ ਜਿਸ ਨਾਲ ਸਥਿਤੀ ਹੋਰ ਖਤਰਨਾਕ ਹੋ ਜਾਂਦੀ ਹੈ ਪਰ ਸਬੰਧਤ ਵਿਭਾਗ ਤੇ ਹਾਕਮਾਂ ਵੱਲੋਂ ਲੋਕਾਂ ਲਈ ਜਾਨ ਦਾ ਖੌਅ ਬਣੀ ਇਸ ਸਮੱਸਿਆ ਵੱਲ ਧਿਆਨ ਨਹੀ ਦਿੱਤਾ ਜਾ ਰਿਹਾ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਇਸ ਸਬੰਧੀ ਵਿਧਾਇਕ ਅਰੁਣ ਡੋਗਰਾ ਨੇ ਕਿਹਾ ਕਿ ਨਿਰਮਾਣ ਅਧੀਨ ਹਾਜ਼ੀਪੁਰ ਰੋਡ ਦਾ ਕੰਮ ਮੁਕੰਮਲ ਹੋਣ ਮਗਰੋਂ ਜਲਦ ਮਿਆਣੀ ਰੋਡ ਦਾ ਨਿਰਮਾਣ ਕਾਰਜ ਸ਼ੁਰੂ ਕਰਵਾ ਦਿੱਤਾ ਜਾਵੇਗਾ।