ਪੱਤਰ ਪ੍ਰੇਰਕ
ਤਰਨ ਤਾਰਨ, 10 ਅਕਤੂਬਰ
ਇਥੇ ਦੋ ਦਿਵਿਆਂਗ ਮੁਲਾਜ਼ਮ ਔਰਤਾਂ ਨੂੰ ਕੰਮ ਤੋਂ ਹਟਾ ਦੇਣ ਖਿਲਾਫ਼ ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਵਲੋਂ ਅੱਜ ਇੱਥੇ ਨਗਰ ਕੌਂਸਲ ਦੇ ਦਫ਼ਤਰ ਅੰਦਰ ਧਰਨਾ ਦਿੱਤਾ। ਜਥੇਬੰਦੀ ਨੇ ਮੁਲਾਜ਼ਮ ਔਰਤਾਂ ਨੂੰ ਕੰਮ ’ਤੇ ਬਹਾਲ ਕੀਤੇ ਜਾਣ ਦੀ ਮੰਗ ਕੀਤੀ। ਜਥੇਬੰਦੀ ਦੇ ਸੂਬਾ ਪ੍ਰਧਾਨ ਲਖਬੀਰ ਸਿੰਘ ਸੈਣੀ ਨੇ ਦੱਸਿਆ ਕਿ ਨਗਰ ਕੌਂਸਲ ਵਲੋਂ ਦੋ ਸਾਲ ਪਹਿਲਾਂ ਠੇਕੇ ’ਤੇ ਰੱਖੀਆਂ ਦੋ ਮਹਿਲਾ ਮੁਲਾਜ਼ਮਾਂ ਨੂੰ ਸਫ਼ਾਈ ਸੇਵਕ ਦੇ ਤੌਰ ’ਤੇ ਰੱਖਿਆ ਗਿਆ ਸੀ ਪਰ ਉਨ੍ਹਾਂ ਕੋਲੋਂ ਦਫਤਰੀ ਕੰਮ ਲਿਆ ਜਾਂਦਾ ਸੀ। ਧਰਨਾਕਾਰੀਆਂ ਨਾਲ ਗਲਬਾਤ ਕਰਦਿਆਂ ਨਗਰ ਕੌਂਸਲ ਦੇ ਕਾਰਜ ਸਾਧਕ ਅਧਿਕਾਰੀ ਕਵਲਜੀਤ ਸਿੰਘ ਨੇ ਦਲੀਲ ਦਿੱਤੀ ਕਿ ਉਨ੍ਹਾਂ ਨੂੰ ਸਫ਼ਾਈ ਸੇਵਕ ਦੇ ਤੌਰ ’ਤੇ ਰੱਖਿਆ ਗਿਆ ਸੀ, ਜਿਸ ਕਰ ਕੇ ਉਹ ਔਰਤ ਮੁਲਾਜ਼ਮਾਂ ਨੂੰ ਸਫਾਈ ਸੇਵਕ ਦੀ ਡਿਊਟੀ ਦੇਣ ਲਈ ਤਿਆਰ ਹਨ।
ਅਧਿਕਾਰੀ ਦੀ ਦਲੀਲ ਨਾਲ ਦਿਵਿਆਂਗ ਐਕਸ਼ਨ ਕਮੇਟੀ ਨੇ ਸਹਿਮਤ ਹੁੰਦਿਆਂ ਧਰਨਾ ਉਠਾ ਲਿਆ। ਦਿਵਿਆਂਗ ਐਕਸ਼ਨ ਕਮੇਟੀ ਨੇ ਡਿਪਟੀ ਕਮਿਸ਼ਨਰ ਦੇ ਦਫਤਰ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਦਿਵਿਆਂਗਾਂ ਦੀਆਂ ਮੰਗਾਂ ਤੇ 16 ਅਕਤੂਬਰ ਨੂੰ ਸਮਾਂ ਦੇਣ ਦੀ ਮੰਗ ਕੀਤੀ। ਜਥੇਬੰਦੀ ਕੋਲੋਂ ਮੰਗ ਪੱਤਰ ਸਹਾਇਕ ਕਮਿਸ਼ਨਰ (ਜਨਰਲ) ਪੁਨੀਤ ਸ਼ਰਮਾ ਨੇ ਪ੍ਰਾਪਤ ਕੀਤਾ।