ਪੱਤਰ ਪ੍ਰੇਰਕ
ਤਰਨ ਤਰਨ, 27 ਸਤੰਬਰ
ਭਾਰਤੀ ਕਿਸਾਨ ਯੂਨੀਅਨ (ਏਕਤਾ ਡਕੌਂਦਾ) ਦੀ ਅਗਵਾਈ ਵਿੱਚ ਝਬਾਲ ਇਲਾਕੇ ਦੇ ਖਪਤਕਾਰਾਂ ਖ਼ਿਲਾਫ਼ ਕਥਿਤ ਤੌਰ ’ਤੇ ਬਿਜਲੀ ਚੋਰੀ ਕਰਨ ਦੇ ਫੌਜਦਾਰੀ ਮਾਮਲੇ ਦਰਜ ਕੀਤੇ ਜਾਣ ਅਤੇ ਭਾਰੀ ਜੁਰਮਾਨੇ ਪਾਉਣ ਵਿਰੁੱਧ ਅੱਜ ਇਥੋਂ ਦੇੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਸਾਹਮਣੇ ਵੱਡੀ ਗਿਣਤੀ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ| ਧਰਨਾਕਾਰੀਆਂ ਦੀ ਅਗਵਾਈ ਕਿਸਾਨ ਆਗੂ ਗੁਲਜ਼ਾਰ ਸਿੰਘ ਤੇ ਬਾਜ ਸਿੰਘ ਨੇ ਕੀਤੀ| ਇਸ ਮੌਕੇ ਜਥੇਬੰਦੀ ਦੇ ਸੀਨੀਅਰ ਆਗੂ ਜਸਬੀਰ ਸਿੰਘ ਗੰਡੀਵਿੰਡ, ਹਰਨੇਕ ਸਿੰਘ ਮਹਿਮਾ, ਤਰਨ ਤਾਰਨ ਦੇ ਜ਼ਿਲ੍ਹਾ ਪ੍ਰਧਾਨ ਨਿਰਪਾਲ ਸਿੰਘ ਜਿਉਣੇਕੇ ਨੇ ਸੰਬੋਧਨ ਕੀਤਾ| ਬੁਲਾਰਿਆਂ ਨੇ ਪਾਵਰਕੌਮ ਦੀ ਇਕ ਟੀਮ ਵਲੋਂ ਅਦਾਰੇ ਦੇ ਉੱਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਸਬ ਡਿਵੀਜ਼ਨ ਝਬਾਲ ਅਧੀਨ ਆਉਂਦੇ ਪਿੰਡ ਦੋਦੇ ਅਤੇ ਛਾਪਾ ਦੇ ਖਪਤਕਾਰਾਂ ਨੂੰ ਕਥਿਤ ਤੌਰ ’ਤੇ ਨਾਜਾਇਜ਼ ਜੁਰਮਾਨੇ ਪਾਏ ਜਾਣ ਵਿਰੁੱਧ ਕਿਸਾਨਾਂ ਨੇ ਪਾਵਰਕੌਮ ਦੇ ਉਪ ਮੰਡਲ ਝਬਾਲ ਅੰਦਰ ਧਰਨਾ ਦਿੱਤਾ ਪਰ ਮਾਮਲੇ ਦਾ ਨਿਪਟਾਰਾ ਕਰਨ ਲਈ ਕਿਸੇ ਅਧਿਕਾਰੀ ਵਲੋਂ ਕਿਸਾਨਾਂ ਨਾਲ ਵਾਰਤਾ ਨਹੀਂ ਕੀਤੀ ਗਈ, ਜਿਸ ਦੇ ਰੋਸ ਵਲੋਂ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ| ਕਿਸਾਨਾਂ ਨੇ ਖਪਤਕਾਰਾਂ ਖਿਲਾਫ਼ ਕੀਤੀ ਕਾਰਵਾਈ ਰੱਦ ਕੀਤੇ ਜਾਣ ਦੀ ਮੰਗ ਕੀਤੀ। ਧਰਨਾਕਾਰੀਆਂ ਨੂੰ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਵਲੋਂ ਮੰਗਾਂ ਮੰਨੇ ਜਾਣ ਦਾ ਭਰੋਸਾ ਦੇਣ ’ਤੇ ਧਰਨਾ ਚੁੱਕ ਲਿਆ ਗਿਆ|