ਪੱਤਰ ਪ੍ਰੇਰਕ
ਪਠਾਨਕੋਟ, 16 ਜੁਲਾਈ
ਪਿੰਡ ਬੁੰਗਲ ਵਿੱਚ ਸਰਕਾਰੀ ਹਾਈ ਸਕੂਲ ਦਾ ਦਰਜਾ ਘਟਾ ਕੇ ਮਿਡਲ ਕਰ ਦੇਣ ਦੇ ਵਿਰੋਧ ਵਿੱਚ ਸਰਕਾਰੀ ਸਕੂਲ ਬਚਾਓ ਸੰਘਰਸ਼ ਕਮੇਟੀ ਅਤੇ ਮਾਪਿਆਂ ਦਾ ਵਫਦ ਅੱਜ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਨੂੰ ਮੰਗ ਪੱਤਰ ਦੇਣ ਲਈ ਉਨ੍ਹਾਂ ਦੇ ਗ੍ਰਹਿ ਕਟਾਰੂਚੱਕ ਵਿੱਚ ਪੁੱਜਿਆ। ਮੰਤਰੀ ਕਿਧਰੇ ਬਾਹਰ ਹੋਣ ਦੇ ਚਲਦੇ ਸੰਘਰਸ਼ ਕਮੇਟੀ ਨੇ ਮੰਗ ਪੱਤਰ ਉਨ੍ਹਾਂ ਦੀ ਪਤਨੀ ਉਰਮਿਲਾ ਦੇਵੀ ਨੂੰ ਸੌਂਪ ਦਿੱਤਾ। ਵਫ਼ਦ ਵਿੱਚ ਪੰਚਾਇਤ ਮੈਂਬਰ ਸੁਭਾਸ਼ ਚੰਦਰ, ਸਾਹਿਬ ਸਿੰਘ, ਨੀਰਜ ਸ਼ਰਮਾ, ਕੌਸ਼ਲ ਦਰਿਆਲ, ਹਰਬੰਸ ਮਹਿਰਾ, ਲਕਸ਼ਮੀ ਦੇਵੀ, ਰੇਣੂ ਦੇਵੀ, ਨੇਹਾ ਦੇਵੀ, ਨਿਰਮਲਾ ਦੇਵੀ, ਮੰਜੂ ਦੇਵੀ ਹਾਜ਼ਰ ਸਨ।
ਸੰਘਰਸ਼ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਡੇਢ ਸਾਲ ਪਹਿਲਾਂ ਪਿਛਲੀ ਸਰਕਾਰ ਵੱਲੋਂ ਉਨ੍ਹਾਂ ਦੇ ਮਿਡਲ ਸਕੂਲ ਨੂੰ ਅਪਗਰੇਡ ਕਰਕੇ 10ਵੀਂ ਤੱਕ ਹਾਈ ਸਕੂਲ ਦਾ ਦਰਜਾ ਦਿੱਤਾ ਗਿਆ ਸੀ ਪਰ ਮੌਜੂਦਾ ਸਰਕਾਰ ਵੱਲੋਂ ਹਾਈ ਸਕੂਲ ਨੂੰ ਡੀਨੋਟੀਫਾਈ ਕਰਕੇ ਦੁਬਾਰਾ 8ਵੀਂ ਤੱਕ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਕਿ ਸਕੂਲ ਦੇ ਮੁੱਖ ਅਧਿਆਪਕ ਉਪਰ ਦੋਸ਼ ਲਗਾ ਕੇ ਉਨ੍ਹਾਂ ਨੂੰ ਇੱਥੋਂ ਕਿਸੇ ਹੋਰ ਸਕੂਲ ਵਿੱਚ ਭੇਜ ਦਿੱਤਾ ਹੈ। ਇਸ ਦੇ ਵਿਰੋਧ ਵਿੱਚ ਉਹ ਪਿਛਲੇ 51 ਦਿਨਾਂ ਤੋਂ ਸੰਘਰਸ਼ ਕਰ ਰਹੇ ਹਨ ਅਤੇ ਸਕੂਲ ਦੇ ਬਾਹਰ ਰੋਜ਼ਾਨਾ ਧਰਨਾ ਦਿੰਦੇ ਹਨ।