ਵਰਿੰਦਰਜੀਤ ਜਾਗੋਵਾਲ
ਕਾਹਨੂੰਵਾਨ, 15 ਸਤੰਬਰ
ਹਲਕੇ ਅੰਦਰ ਵੱਧ ਦੀਆਂ ਜਾ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਲੈ ਕੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਥਾਣਾ ਭੈਣੀ ਮੀਆਂ ਖਾਂ ਖ਼ਿਲਾਫ਼ ਧਰਨਾ ਲਗਾਇਆ ਗਿਆ। ਇਸ ਮੌਕੇ ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ ਨੇ ਦੱਸਿਆ ਕਿ ਸੂਬਾ ਕਮੇਟੀ ਵੱਲੋਂ ਇਲਾਕੇ ਵਿੱਚ 70 ਦੇ ਕਰੀਬ ਮੋਟਰਾਂ ਅਤੇ 10 ਦੁਧਾਰੂ ਪਸ਼ੂ ਅਤੇ ਕਰੀਬ ਅੱਧੀ ਦਰਜਨ ਘਰਾਂ-ਘਰਾਂ ਵਿੱਚ ਡਾਕੇ ਪੈ ਚੁੱਕੇ ਹਨ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਸਿੰਘ ਖ਼ਾਨਪੁਰ, ਪ੍ਰਧਾਨ ਸੋਹਣ ਸਿੰਘ ਗਿੱਲ ਨੇ ਦੱਸਿਆ ਕਿ ਥਾਣਾ ਮੁਖੀ, ਡੀ ਐੱਸ ਪੀ ਕੁਲਵਿੰਦਰ ਸਿੰਘ ਵਿਰਕ ਅਤੇ ਐੱਸਐੱਸਪੀ ਗੁਰਦਾਸਪੁਰ ਨਾਨਕ ਸਿੰਘ ਨੂੰ ਇਸ ਮਸਲੇ ਤੇ ਵਾਰ ਵਾਰ ਜਾਣੂ ਕਰਵਾਉਣ ਦੇ ਬਾਵਜੂਦ ਵੀ ਪੁਲੀਸ ਪ੍ਰਸ਼ਾਸਨ ਨੇ ਇਸ ਮਾਮਲੇ ਤੇ ਕੋਈ ਕਦਮ ਨਹੀਂ ਚੁੱਕਿਆ ਗਿਆ| ਇਸ ਮੌਕੇ ਕਿਸਾਨ ਮਜ਼ਦੂਰ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਅਤੇ ਉਨ੍ਹਾਂ ਦੇ ਨਾਲ ਆਗੂ ਅੰਮ੍ਰਿਤਪਾਲ ਕੌਰ ਨੇ ਕਿਹਾ ਕਿ ਜੇਕਰ ਸਿਆਸੀ ਲੋਕ ਪੁਲੀਸ ਨੂੰ ਆਜ਼ਾਦ ਢੰਗ ਨਾਲ ਕੰਮ ਕਰਨ ਦੇਣ ਤਾਂ ਇਲਾਕੇ ਵਿੱਚੋਂ ਕੁਝ ਦਿਨਾਂ ਅੰਦਰ ਹੀ ਚੋਰੀਆਂ ਅਤੇ ਨਸ਼ੇ ਦਾ ਕਾਰੋਬਾਰ ਖ਼ਤਮ ਹੋ ਸਕਦਾ ਹੈ। ਬੀਤੀ ਦੇਰ ਰਾਤ ਪੁਲੀਸ ਵੱਲੋਂ ਢੁਕਵੀਂ ਕਾਰਵਾਈ ਕਰਨ ਦਾ ਵਾਅਦਾ ਦੇਣ ਤੋਂ ਬਾਅਦ ਕਿਸਾਨਾਂ ਵੱਲੋਂ ਧਰਨਾ ਸਮਾਪਤ ਕਰ ਦਿੱਤਾ ਗਿਆ। ਇਸ ਮੌਕੇ ਗੁਰਪ੍ਰੀਤ ਨਾਨੋਵਾਲ, ਕੈਪਟਨ ਸ਼ਮਿੰਦਰ ਸਿੰਘ, ਸੁਖਜਿੰਦਰ ਸਿੰਘ, ਅਨੂਪ ਸਿੰਘ, ਭਗਤ ਸਿੰਘ ਭਿੱਟੇਵੱਧ, ਸੋਹਣ ਸਿੰਘ ਨੈਨੋਕੋਟ, ਆਦਿ ਹਾਜ਼ਰ ਸਨ।