ਜਤਿੰਦਰ ਬੈਂਸ
ਗੁਰਦਾਸਪੁਰ, 11 ਅਕਤੂਬਰ
ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦਾ ਰੇਲ ਰੋਕੇ ਅੰਦੋਲਨ ਲਗਾਤਾਰ ਜਾਰੀ ਹੈ। ਇਥੇ ਗੁਰਦਾਸਪੁਰ ਵਿੱਚ ਰੇਲ ਲਾਈਨ ਉੱਤੇ ਧਰਨਾ ਲਾਈ ਬੈਠੇ ਕਿਸਾਨਾਂ ਦਾ ਰੋਸ ਧਰਨਾ ਅੱਜ 11ਵੇਂ ਦਿਨ ’ਚ ਦਾਖ਼ਲ ਹੋ ਗਿਆ। ਧਰਨੇ ਦੌਰਾਨ ਗਿਆਨੀ ਭਗਤ ਸਿੰਘ ਭਿੱਟੇਵਿੱਡ ਦੀ ਅਗਵਾਈ ਵਿੱਚ ਇੰਟਰਨੈਸ਼ਨਲ ਪੰਥਕ ਕਵੀਸ਼ਰੀ ਜਥੇ ਨੇ ਵਾਰਾਂ ਸੁਣਾ ਕੇ ਪੰਜਾਬ ਦੇ ਕੁਰਬਾਨੀਆਂ ਭਰੇ ਇਤਿਹਾਸ ਨੂੰ ਚੇਤੇ ਕਰਵਾਇਆ।
ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲੋਕਾਂ ਉੱਤੇ ਜ਼ੁਲਮ ਢਾਉਣ ਦੇ ਮਾਮਲੇ ਵਿੱਚ ਮੁਗਲ ਤੇ ਅੰਗਰੇਜ਼ ਹਕੂਮਤ ਨੂੰ ਮਾਤ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਸਾਰਾ ਜੱਗ ਜਾਣਦਾ ਹੈ ਕਿ ਭਾਰਤ ਦਾ ਕਿਸਾਨ ਦੇਸ਼ ਦੀ ਰੀੜ ਦੀ ਹੱਡੀ ਹੈ, ਪਰ ਫੇਰ ਵੀ ਮੋਦੀ ਸਰਕਾਰ ਕਿਸਾਨੀ ਜਿਣਸਾਂ ਦਾ ਘੱਟੋ-ਘੱਟ ਸਮੱਰਥਨ ਮੁੱਲ ਖ਼ਤਮ ਕਰਕੇ ਮੁਲਕ ਦੀ ਰੀੜ ਦੀ ਹੱਡੀ ਤੋੜ ਰਹੀ ਹੈ।
ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ਉੱਤੇ ਦੋਸ਼ ਲਾਇਆ ਕਿ ਵਿਸ਼ੇਸ਼ ਅਜਲਾਸ ਬੁਲਾ ਕੇ ਵਿਧਾਨ ਸਭਾ ਵਿੱਚ ਕਾਲੇ ਕਾਨੂੰਨਾਂ ਵਿਰੁੱਧ ਮਤਾ ਪਾਸ ਕਰਨ ਦੀ ਥਾਂ ਉਲਟਾ ਕਿਸਾਨਾਂ ਨੂੰ ਥਰਮਲ ਪਲਾਂਟਾਂ ਲਈ ਕੋਲਾ ਅਤੇ ਖਾਦਾਂ ਘੱਟ ਹੋਣ ਦੀ ਝੂਠੀ ਦੁਹਾਈ ਦੇ ਕੇ ਕਿਸਾਨਾਂ ਨੂੰ ਰੇਲਾਂ ਨਾ ਰੋਕਣ ਦੀ ਸਲਾਹ ਦੇ ਰਹੀ ਹੈ। ਉਨ੍ਹਾਂ ਮੋਦੀ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਪੰਜਾਬੀਆਂ ਦੇ ਲੋਕ ਕੁਰਬਾਨੀਆਂ ਤੋਂ ਨਹੀਂ ਡੱਰਦੇ ਹਨ ਅਤੇ ਆਪਣੇ ਹੱਕ ਲੈਣਾ ਜਾਣਦੇ ਹਨ।