ਪੱਤਰ ਪ੍ਰੇਰਕ
ਤਰਨ ਤਾਰਨ, 12 ਸਤੰਬਰ
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਸੂਬਾ ਤੇ ਕੇਂਦਰ ਸਰਕਾਰ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਅੱਜ ਜ਼ਿਲ੍ਹੇ ਦੇ ਵਿਧਾਇਕਾਂ ਦੀਆਂ ਰਿਹਾਇਸ਼ਾਂ ਸਾਹਮਣੇ ਧਰਨੇ ਦਿੱਤੇ ਗਏ| ਜਥੇਬੰਦੀ ਵਲੋਂ ਤਰਨ ਤਾਰਨ ਦੇ ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੀ ਰਿਹਾਇਸ਼ ਸਾਹਮਣੇ ਮੁੱਖ ਸੜਕ ’ਤੇ ਦਿੱਤੇ ਧਰਨੇ ਕਰਕੇ ਆਵਾਜਾਈ ਠੱਪ ਰਹੀ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਦਿੱਤੇ ਧਰਨੇ ਵਿੱਚ ਸ਼ਾਮਲ ਧਰਨਾਕਾਰੀਆਂ ਨੂੰ ਧੰਨਾ ਸਿੰਘ ਲਾਲੂ ਘੁੰਮਣ, ਸਲਵਿੰਦਰ ਸਿੰਘ ਜੀਓਬਾਲਾ, ਮਨਜਿੰਦਰ ਸਿੰਘ ਗੋਹਲਵੜ, ਸਲਵਿੰਦਰ ਸਿੰਘ ਡਾਲੇਕੇ, ਹਰਪ੍ਰੀਤ ਸਿੰਘ ਨੇ ਸੰਬੋਧਨ ਕੀਤਾ|
ਇਸ ਦੌਰਾਨ ਆਗੂਆਂ ਨੇ ਹੜ੍ਹਾਂ ਨਾਲ ਤਬਾਹ ਹੋਈਆਂ ਫ਼ਸਲਾਂ ਦਾ ਮੁਆਵਜ਼ਾ, ਰੇਤ ਬੱਜਰੀ ਦੀ ਕਾਲਾਬਾਜ਼ਾਰੀ ਖਤਮ ਕਰਨ, ਕਿਸਾਨਾਂ-ਮਜ਼ਦੂਰਾ ਦਾ ਸਮੁੱਚਾ ਕਰਜ਼ਾ ਮੁਆਫ਼ ਕਰਨਾ ਆਦਿ ’ਤੇ ਜ਼ੋਰ ਦਿੱਤਾ| ਜਥੇਬੰਦੀ ਨੇ ਪੱਟੀ ਵਿੱਚ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੇ ਘਰ ਸਾਹਮਣੇ ਵੀ ਧਰਨਾ ਦਿੱਤਾ ਜਦਕਿ ਲਾਲਪੁਰ ਅਤੇ ਭਿੱਖੀਵਿੰਡ ਵਿੱਚ ਵੀ ਵਿਧਾਇਕਾਂ ਦੀਆਂ ਰਿਹਾਇਸ਼ਾਂ ਸਾਹਮਣੇ ਧਰਨੇ ਦਿੱਤੇ|
ਜਲੰਧਰ (ਨਿੱਜੀ ਪੱਤਰ ਪ੍ਰੇਰਕ): ਇਸੇ ਤਰ੍ਹਾਂ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ ਅਤੇ ਜ਼ਿਲ੍ਹਾ ਪ੍ਰਧਾਨ ਸਲਵਿੰਦਰ ਸਿੰਘ ਜਾਣੀਆਂ ਦੀ ਅਗਵਾਈ ਹੇਠ ਆਮ ਆਦਮੀ ਦੀ ਹਲਕਾ ਨਕੋਦਰ ਤੋਂ ਵਿਧਾਇਕ ਬੀਬੀ ਇੰਦਰਜੀਤ ਕੋਰ ਮਾਨ ਦੇ ਘਰ ਅੱਗੇ ਵੀ ਧਰਨਾ ਦਿੱਤਾ ਗਿਆ। ਜਥੇਬੰਦੀ ਨੇ ਵਿਧਾਇਕ ਇੰਦਰਜੀਤ ਕੌਰ ਮਾਨ ਨੂੰ ਧਰਨੇ ਵਿੱਚ ਬੁਲਾ ਕੇ ਮੰਗ ਪੱਤਰ ਦਿੱਤਾ।
ਸ੍ਰੀ ਹਰਗੋਬਿੰਦਪੁਰ ਸਾਹਿਬ (ਪੱਤਰ ਪ੍ਰੇਰਕ): ਸ੍ਰੀ ਹਰਗੋਬਿੰਦਪੁਰ ਸਾਹਿਬ ਦੇ ਵਿਧਾਇਕ ਅਮਰਪਾਲ ਸਿੰਘ ਕਿਸ਼ਨਕੋਟ ਦੇ ਦਫਤਰ ਅੱਗੇ ਕਿਸਾਨਾਂ ਵੱਲੋਂ ਜਥੇਬੰਦੀ ਦੇ ਸੂਬਾਈ ਸਲਾਹਕਾਰ ਗੁਰਪ੍ਰੀਤ ਸਿੰਘ ਖਾਨਪੁਰ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ। ਸੂਬਾ ਆਗੂ ਸਵਿੰਦਰ ਸਿੰਘ ਚੁਤਾਲਾ ਇਸ ਧਰਨੇ ਵਿੱਚ ਸ਼ਾਮਲ ਹੋਏ।
ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਦੀ ਮੰਗ
ਬਟਾਲਾ (ਖੇਤਰੀ ਪ੍ਰਤੀਨਿਧ): ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਕਾਰਕੁਨਾਂ ਵੱਲੋਂ ਅੱਜ ਹਲਕਾ ਬਟਾਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਦੇ ਘਰ ਸਾਹਮਣੇ ਧਰਨਾ ਲਾਇਆ ਗਿਆ ਅਤੇ ਮੰਗ ਪੱਤਰ ਵੀ ਦਿੱਤਾ ਗਿਆ। ਧਰਨੇ ਦੀ ਅਗਵਾਈ ਜ਼ਿਲ੍ਹਾ ਜਨਰਲ ਸਕੱਤਰ ਹਰਵਿੰਦਰ ਸਿੰਘ ਖੁਜਾਲਾ, ਹਰਵਿੰਦਰ ਸਿੰਘ ਮਸਾਣੀਆਂ, ਝਿਰਮਲ ਸਿੰਘ ਬੱਜੂਮਾਨ, ਹਰਭਜਨ ਸਿੰਘ ਵੈਰੋਨੰਗਲ, ਹਰਜੀਤ ਸਿੰਘ ਨੀਲਕਲਾਂ ਅਤੇ ਜ਼ਿਲ੍ਹਾ ਕੋਰ ਕਮੇਟੀ ਦੇ ਮੈਂਬਰਾਂ ਨੇ ਕੀਤੀ। ਇਸ ਦੌਰਾਨ ਆਗੂਆਂ ਨੇ ਆਪਣੇ ਸੰਬੋਧਨ ਦੌਰਾਨ ਨਹਿਰਾਂ ’ਤੇ ਨਿੱਜੀ ਕੰਪਨੀਆਂ ਵੱਲੋਂ ਪਾਣੀ ਸਾਫ ਕਰਕੇ ਵੇਚਣ ਦੇ ਲਗਾਏ ਪ੍ਰਾਜੈਕਟ ਰੱਦ ਕਰਨ, 23 ਫਸਲਾਂ ਦੇ ਭਾਅ ਡਾਕਟਰ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ ਦਿੱਤੇ ਜਾਣ, ਬਿਜਲੀ ਸੈਕਟਰ ਨੂੰ ਪੂਰਨ ਰੂਪ ਵਿੱਚ ਨਿੱਜੀ ਹੱਥਾਂ ਵਿੱਚ ਦੇਣ ਲਈ ਬਿਜਲੀ ਸੋਧ ਬਿੱਲ 2022 ਦਾ ਲਿਆਂਦਾ ਖਰੜਾ ਰੱਦ ਕਰਨ, ਹਰ ਕਿਸਮ ਦੇ ਆਬਾਦਕਾਰਾਂ ਨੂੰ ਵਿਧਾਨ ਸਭਾ ਵਿੱਚ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਮ ’ਤੇ ਪੱਕੇ ਕਾਨੂੰਨ ਬਣਾ ਕੇ ਮਾਲਕੀ ਹੱਕ ਦੇਣ, ਕਿਸਾਨਾਂ-ਮਜਦੂਰਾਂ ਦਾ ਕਰਜ਼ਾ ਮੁਆਫ ਕਰਨ ਦੀ ਮੰਗ ਕੀਤੀ।