ਐੱਨ.ਪੀ. ਧਵਨ
ਪਠਾਨਕੋਟ, 27 ਅਗਸਤ
ਮਾਧੋਪੁਰ ਵਿੱਚ ਭਾਰਤੀ ਜਨਸੰਘ ਦੇ ਬਾਨੀ ਸ਼ਿਆਮਾ ਪ੍ਰਸ਼ਾਦ ਮੁਖਰਜੀ ਦੀ ਯਾਦ ਵਿੱਚ ਬਣੇ ਹੋਏ ਸਮਾਰਕ ‘ਏਕਤਾ ਸਥਲ’ ਦੀ ਠੀਕ ਤਰ੍ਹਾਂ ਸਾਂਭ-ਸੰਭਾਲ ਨਾ ਹੋਣ ਕਾਰਨ ਸਮਾਰਕ ਦੀ ਹਾਲਤ ਖਸਤਾ ਹੈ। ਸਮਾਰਕ ਅੰਦਰ ਘਾਹ ਤੇ ਝਾੜੀਆਂ ਉਗੀਆਂ ਹੋਈਆਂ ਹਨ, ਜਿਸ ਕਾਰਨ ਸੈਲਾਨੀਆਂ ਨੂੰ ਨਿਰਾਸ਼ ਪਰਤਣਾ ਪੈ ਰਿਹਾ ਹੈ। ਮਾਧੋਪੁਰ ’ਚ ਇਹ ਸਮਾਰਕ ਲਗਪਗ 11 ਸਾਲ ਪਹਿਲਾਂ ਬਣਾਇਆ ਗਿਆ ਸੀ। ਜਾਣਕਾਰੀ ਅਨੁਸਾਰ ਸ਼ੁਰੂ-ਸ਼ੁਰੂ ਵਿੱਚ ਸਮਾਰਕ ਦੀ ਸਫਾਈ ਅਤੇ ਰੱਖ ਰਖਾਵ ਲਈ ਸਥਾਨਕ ਭਾਜਪਾ ਆਗੂ ਤੇ ਵਾਲੰਟੀਅਰ ਹਰ ਐਤਵਾਰ ਨੂੰ ਇੱਥੇ ਆਉਂਦੇ ਹੁੰਦੇ ਸਨ ਪਰ ਹੁਣ ਕਾਫੀ ਸਮੇਂ ਤੋਂ ਉਕਤ ਸਮਾਰਕ ’ਤੇ ਕੋਈ ਵੀ ਸਫਾਈ ਕਰਨ ਨਹੀਂ ਆ ਰਿਹਾ ਤੇ ਸਮਾਰਕ ਦੇ ਬਾਹਰਲੇ ਗੇਟ ਮੂਹਰੇ ਤਾਲਾ ਜੜਿਆ ਹੋਇਆ ਹੈ। ਇਹ ਤਾਲਾ ਉਸ ਵੇਲੇ ਹੀ ਖੋਲ੍ਹਿਆ ਜਾਂਦਾ ਹੈ ਜਦ ਸ਼ਿਆਮਾ ਪ੍ਰਸ਼ਾਦ ਮੁਖਰਜੀ ਦਾ ਜਨਮ ਦਿਨ ਅਤੇ ਸ਼ਹੀਦੀ ਦਿਨ ਮਨਾਉਣਾ ਹੁੰਦਾ ਹੈ। ਨਤੀਜਾ ਇਹ ਹੁੰਦਾ ਹੈ ਕਿ ਘਾਹ ਤੇ ਝਾੜੀਆਂ ਹੋਰ ਸੰਘਣੀਆਂ ਹੁੰਦੀਆਂ ਜਾ ਰਹੀਆਂ ਹਨ। ਇਸ ਸਬੰਧੀ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਸ਼ਰਮਾ ਨੇ ਉਕਤ ਸਾਰਾ ਮਾਮਲਾ ਉਹ ਪਹਿਲਾਂ ਤੋਂ ਹੀ ਕੇਂਦਰੀ ਮੰਤਰੀ ਦੇ ਧਿਆਨ ਵਿੱਚ ਲਿਆ ਚੁੱਕੇ ਹਨ ਤੇ ਜਲਦੀ ਹੀ ਸਮਾਰਕ ਦੀ ਹਾਲਤ ਸੁਧਾਰੀ ਜਾਵੇਗੀ।