ਮਕਬੂਲ ਅਹਿਮਦ
ਕਾਦੀਆਂ, 22 ਜੁਲਾਈ
ਕਾਦੀਆਂ ਜੋ ਕਿ ਇੱਕ ਇਤਿਹਾਸਕ ਨਗਰੀ ਹੈ ਅਤੇ ਇੱਥੇ ਪਵਿੱਤਰ ਬਹਿਸ਼ਤੀ ਮਕਬਰਾ ਦੀ ਕੰਧ ਦੇ ਨਾਲ ਨਾਲ ਗੰਦਗੀ ਦੇ ਢੇਰ ਲਗਾ ਦਿੱਤੇ ਹਨ, ਜਿਸ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਵਿਦੇਸ਼ਾਂ ’ਚ ਵੱਸਦੇ ਐੱਨਆਰਆਈਜ਼ ਦੀ ਨਜ਼ਰਾਂ ’ਚ ਡਿੱਗ ਚੁਕੀ ਹੈ। ਐੱਨਆਰਆਈ ਨਵਦੀਪ ਸਿੰਘ ਯੂਐੱਸ ਨੇ ਦੱਸਿਆ ਕਿ ਸਾਫ਼-ਸੁਥਰੀ ਪਵਿੱਤਰ ਥਾਂ ’ਤੇ ਗੰਦਗੀ ਸੁੱਟੇ ਜਾਣਾ ਸਰਕਾਰਾਂ ਦੀ ਬੀਮਾਰ ਮਾਨਸਿਕਤਾ ਦਾ ਸਬੂਤ ਹੈ। ਸਾਇਆਰਾ ਬਾਨੋ ਅਤੇ ਹਸਨੂਰ ਵਾਸੀ ਯੂਐੱਸਏ ਨੇ ਦੱਸਿਆ ਕਿ ਜਦੋਂ ਉਹ ਕਾਦੀਆਂ ਆਏ ਤਾਂ ਇੰਨੀ ਖ਼ੂਬਸੂਰਤ ਥਾਂ ਕੋਲ ਗੰਦਗੀ ਦੇ ਢੇਰਾਂ ਨੂੰ ਵੇਖਕੇ ਉਨ੍ਹਾਂ ਨੂੰ ਮਹਿਸੂਸ ਹੋਇਆ ਕਿ ਭਾਰਤ ’ਚ ਘੱਟ ਗਿਣਤੀਆਂ ਦੇ ਜਜ਼ਬਾਤਾਂ ਦੀ ਕੋਈ ਕਦਰ ਨਹੀਂ ਹੈ। ਦੂਜੇ ਪਾਸੇ ਬਹਿਸ਼ਤੀ ਮਕਬਰਾਂ ਦੀ ਕੰਧ ਨਾਲ ਨਾਲ ਜਿੱਥੇ ਗੰਦਗੀ ਦੇ ਢੇਰਾਂ ਨੂੰ ਕਈ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ, ਉੱਥੇ ਵੱਡੀ ਆਬਾਦੀ ਵਸਦੀ ਹੈ, ਜਿਸ ਕਾਰਨ ਇੱਥੇ ਰਹਿਣ ਵਾਲੇ ਲੋਕਾਂ ਦਾ ਜੀਉਣਾ ਦੁੱਭਰ ਹੋ ਗਿਆ ਹੈ। ਇਕ ਮੁਹੱਲਾ ਵਾਸੀ ਨੇ ਦੱਸਿਆ ਕਿ ਆਲੇ ਦੁਆਲੇ ਦੇ ਘਰਾਂ ਦੇ ਘੱਟੋ ਘੱਟ 40 ਲੋਕ ਡੰਪ ਕਾਰਨ ਬੀਮਾਰ ਪੈ ਚੁੱਕੇ ਹਨ।