ਪੱਤਰ ਪ੍ਰੇਰਕ
ਪਠਾਨਕੋਟ, 19 ਅਪਰੈਲ
ਪੰਜਾਬ ਦੇ ਸਭ ਤੋਂ ਅਖੀਰਲੇ ਅਤੇ ਨੀਮ ਪਹਾੜੀ ਪੱਛੜੇ ਕਸਬੇ ਦੁਨੇਰਾ ਵਿਖੇ ਅੱਜ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ ਜਿਸ ਦਾ ਉਦਘਾਟਨ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਅਮਿਤ ਸਿੰਘ ਮੰਟੂ ਨੇ ਕੀਤਾ। ਜਦ ਕਿ ਡੀਆਈਓ ਡਾ. ਦਰਬਾਰ ਰਾਜ, ਡਾ. ਓਪੀ ਵਿੱਗ, ਡਾ. ਰਮੇਸ਼ ਡੋਗਰਾ, ਡਾ. ਸੰਤਨ ਭਗਤ, ਡਾ. ਰਾਜ ਕੁਮਾਰ, ਸ਼ਿਫਾਲੀ, ਅਜੇ ਕੁਮਾਰ, ਡਾ.ਅਮਿਤ, ਡਾ. ਪੁਨੀਤ ਪਰਾਸ਼ਰ, ਡਾ. ਸੁਰਜੀਤ ਸਿੰਘ ਆਦਿ ਨੇ 360 ਮਰੀਜ਼ਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਮੁਫਤ ਦਵਾਈਆਂ ਦਿੱਤੀਆਂ।
ਇਸ ਸਿਹਤ ਮੇਲੇ ਵਿੱਚ ਅੰਗਹੀਣ ਸਰਟੀਫਿਕੇਟ ਬਣਵਾਉਣ ਲਈ ਵੱਖ-ਵੱਖ ਪਿੰਡਾਂ ਵਿੱਚੋਂ ਅੰਗਹੀਣ ਵੀ ਪੁੱਜੇ ਹੋਏ ਸਨ ਪਰ ਉਨ੍ਹਾਂ ਦੀ ਸਿਰਫ ਰਜਿਸਟਰੇਸ਼ਨ ਹੀ ਹੋ ਸਕੀ ਅਤੇ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪਿਆ। ਸਮਾਜ ਸੇਵੀ ਰੁਪੇਸ਼ ਮਿਨਹਾਸ ਨੇ ਦੱਸਿਆ ਕਿ ਉਹ ਆਪਣੇ ਪਿੰਡ ਤੋਂ 3 ਅਪਾਹਜ ਨੌਜਵਾਨਾਂ ਦਾ ਅਪੰਗ ਸਰਟੀਫਿਕੇਟ ਬਣਵਾਉਣ ਲਈ ਲੈ ਕੇ ਆਇਆ ਹੋਇਆ ਸੀ ਪਰ ਇਥੇ ਕੇਵਲ ਉਨ੍ਹਾਂ ਦੀ ਪਰਚੀ ਹੀ ਬਣਾਈ ਗਈ ਅਤੇ ਬਾਕੀ ਕੰਮ ਲਈ ਉਨ੍ਹਾਂ ਨੂੰ ਪਠਾਨਕੋਟ ਬੁਲਾਇਆ ਗਿਆ ਹੈ।
ਕੈਂਪ ’ਚ 42 ਯੂਨਿਟ ਖੂਨ ਦਾਨ
ਅਟਾਰੀ (ਪੱਤਰ ਪ੍ਰੇਰਕ): ਸਿਵਲ ਸਰਜਨ ਅੰਮ੍ਰਿਤਸਰ ਡਾ. ਚਰਨਜੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਸਪ੍ਰੀਤ ਸ਼ਰਮਾ ਦੀ ਪ੍ਰਧਾਨਗੀ ਹੇਠ ਸੀਨੀਅਰ ਮੈਡੀਕਲ ਅਫ਼ਸਰ ਡਾ. ਕੁੰਵਰ ਅਜੈ ਵੱਲੋਂ 75ਵਾਂ ਆਜ਼ਾਦੀ ਕਾ ਮਹੋਤਸਵ ਤਹਿਤ ਸੀਐਚਸੀ ਲੋਪੋਕੇ ਵਿਚ ਬਲਾਕ ਪੱਧਰੀ ਸਿਹਤ ਮੇਲਾ ਲਗਾਇਆ ਗਿਆ। ਇਸ ਮੌਕੇ 11 ਸਟਾਲ ਲਗਾਏ ਗਏ ਜਿਨ੍ਹਾਂ ਵਿੱਚ ਅੰਗਹੀਣ ਸਰਟੀਫਿਕੇਟ, ਆਯੂਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਕਾਰਡ, ਅੱਖਾਂ ਦੀ ਜਾਂਚ ਕੈਂਪ, ਦੰਦਾਂ ਦੀ ਸੰਭਾਲ ਕੈਂਪ, ਬੱਚਿਆਂ ਦੀਆਂ ਬੀਮਾਰੀਆਂ ਸਬੰਧੀ ਹੋਮੀਉਪੈਥਿਕ ਮੈਡੀਸਿਨ, ਆਯੁਰਵੈਦਿਕ ਮੈਡੀਸਿਨ, ਟੈਲੀ ਮੈਡੀਸਿਨ, ਫੈਮਲੀ ਪਲੈਨਿੰਗ ਕੈਂਪ, ਲੈਬ ਟੈਸਟ, ਈਸੀਜੀ, ਐਕਸ-ਰੇ ਆਦਿ ਤੋਂ ਇਲਾਵਾ ਐਨਜੀਓ ਗੁਰੂ ਮੇਹਰ ਵੈਲਫੇਅਰ ਸੁਸਾਇਟੀ ਵੱਲੋਂ ਖ਼ੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਕੈਂਪ ਮੌਕੇ ਲਗਪਗ ਪੰਜ ਹਜ਼ਾਰ ਮਰੀਜ਼ਾਂ ਨੇ ਲਾਭ ਲਿਆ ਅਤੇ 42 ਲੋਕਾਂ ਨੇ ਖ਼ੂਨਦਾਨ ਕੀਤਾ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਜਸਪ੍ਰੀਤ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ 18 ਤੋਂ 22 ਅਪਰੈਲ ਤੱਕ ਹਰੇਕ ਬਲਾਕ ਪੱਧਰ ’ਤੇ ਅਜਿਹੇ ਕੈਂਪ ਲਗਾਏ ਜਾ ਰਹੇ ਹਨ ਅਤੇ ਲੋਕਾਂ ਨੂੰ ਅਪੀਲ ਹੈ ਕਿ ਉਹ ਇਨ੍ਹਾਂ ਕੈਂਪਾਂ ਦਾ ਭਰਪੂਰ ਲਾਭ ਲੈਣ।