ਪੱਤਰ ਪ੍ਰੇਰਕ
ਦੀਨਾਨਗਰ, 8 ਮਈ
ਸਾਹਿਤ ਸੰਗਮ ਦੀਨਾਨਗਰ ਦੇ ਪ੍ਰਧਾਨ ਮੰਗਤ ਚੰਚਲ ਦੇ ਦੂਸਰੇ ਗ਼ਜ਼ਲ ਸੰਗ੍ਰਹਿ ‘ਤਪਸ਼’ ਉੱਤੇ ਵਿਚਾਰ ਗੋਸ਼ਟੀ ਇੱਥੋਂ ਦੇ ਸ਼ਾਂਤੀ ਦੇਵੀ ਆਰੀਆ ਮਹਿਲਾ ਕਾਲਜ ਵਿੱਚ ਕਰਵਾਈ ਗਈ। ਪ੍ਰੋਗਰਾਮ ਦਾ ਆਰੰਭ ਪ੍ਰਿੰਸੀਪਲ ਰੀਨਾ ਤਲਵਾੜ ਨੇ ਕੀਤਾ। ਇਸ ਉਪਰੰਤ ਪੁਸਤਕ ’ਤੇ ਸੁਲੱਖਣ ਸਰਹੱਦੀ ਵੱਲੋਂ ਲਿਖਿਆ ਪਰਚਾ ਮੱਖਣ ਕੁਹਾੜ ਵੱਲੋਂ ਪੜ੍ਹਿਆ ਗਿਆ। ਪਰਚੇ ਵਿੱਚ ਉਠਾਏ ਗਏ ਨੁਕਤਿਆਂ ’ਤੇ ਵਿਚਾਰ ਚਰਚਾ ਦਾ ਆਰੰਭ ਸਰਬਜੀਤ ਸਿੰਘ ਸੰਧੂ ਵੱਲੋਂ ਕੀਤਾ ਗਿਆ। ਉਨ੍ਹਾਂ ਪਰਚੇ ਵਿੱਚ ਉਠਾਏ ਗਏ ਕੁਝ ਨੁਕਤਿਆਂ ਨਾਲ ਸਹਿਮਤੀ ਪ੍ਰਗਟਾਈ ਅਤੇ ਇਤਰਾਜ਼ ਵੀ ਦਰਜ ਕਰਵਾਏ। ਇਸ ਵਿਚਾਰ ਚਰਚਾ ਵਿੱਚ ਡਾ. ਰਾਜਵਿੰਦਰ ਕੌਰ ਨਾਗਰਾ, ਸੁਰਿੰਦਰ ਸਿੰਘ ਚੌਹਲਾ, ਸ਼ੀਤਲ ਸਿੰਘ ਗੁੰਨੋਪੁਰੀ, ਡਾ. ਲੇਖ ਰਾਜ ਅਤੇ ਪ੍ਰੋਫੈਸਰ ਸੁਖਵੰਤ ਗਿੱਲ ਵੱਲੋਂ ਪੁਸਤਕ ਸਬੰਧੀ ਲਿਖਿਆ ਸ਼ਰਟ ਨੋਟ ਵੀ ਪੜ੍ਹਿਆ ਗਿਆ ਅਤੇ ਆਪਣੇ ਵਿਚਾਰ ਪੇਸ਼ ਕੀਤੇ ਗਏ। ਪੁਸਤਕ ਦੇ ਰਚੇਤਾ ਮੰਗਤ ਚੰਚਲ ਵੱਲੋਂ ਵਿਚਾਰ ਚਰਚਾ ਨੂੰ ਸਮੇਟਦਿਆਂ ਪਰਚਾ ਲਿਖਣ ਹਿੱਤ ਅਤੇ ਵਿਚਾਰ ਚਰਚਾ ਵਿੱਚ ਭਾਗ ਲੈਣ ਵਾਲੇ ਸਮੂਹ ਕਲਮਕਾਰਾਂ ਦਾ ਧੰਨਵਾਦ ਕੀਤਾ ਗਿਆ। ਕਵੀ ਦਰਬਾਰ ਦਾ ਆਗ਼ਾਜ਼ ਕਮਲਜੀਤ ਸਿੰਘ ਵੱਲੋਂ ਮੰਗਤ ਚੰਚਲ ਦਾ ਗੀਤ ‘ਤੇਰੇ ਖੇਤਾਂ ਦੀ ਬਹਾਰ ਬਾਬਲਾ ਵੇ ਨਹੀਓਂ ਛੱਡਣੀ’ ਗਾਉਣ ਨਾਲ ਹੋਇਆ। ਹੋਰਾਂ ਕਵੀਆਂ ’ਚ ਕਾਮਰੇਡ ਮੁਲਖ਼ ਰਾਜ, ਸੁਲਤਾਨ ਭਾਰਤੀ, ਜਸਵੰਤ ਹਾਂਸ, ਵਿਜੈ ਅਗਨੀਹੋਤਰੀ, ਸੁੱਚਾ ਸਿੰਘ ਰੰਧਾਵਾ, ਜਗਤਾਰ ਗਿੱਲ, ਸੁਭਾਸ਼ ਦੀਵਾਨਾ, ਤਰਸੇਮ ਭੰਗੂ, ਸੁਖਵਿੰਦਰ ਰੰਧਾਵਾ, ਪ੍ਰਤਾਪ ਪਾਰਸ, ਹਰਪਾਲ ਬੈਂਸ, ਬਲਬੀਰ ਮਗਰਾਲਾ, ਨਿਸ਼ਾਨ ਸਿੰਘ, ਜਤਿੰਦਰ ਭਨੋਟ, ਮਹੇਸ਼ ਚੰਦਰਭਾਨੀ ਨੇ ਹਾਜ਼ਰੀ ਲਗਵਾਈ। ਪ੍ਰੋਗਰਾਮ ਦੀ ਕਾਮਯਾਬੀ ਵਿੱਚ ਪੰਜਾਬੀ ਵਿਭਾਗ ਦੀ ਮੁਖੀ ਡਾ. ਕੁਲਵਿੰਦਰ ਕੌਰ ਛੀਨਾ ਦੀ ਅਹਿਮ ਭੂਮਿਕਾ ਰਹੀ।