ਪੱਤਰ ਪ੍ਰੇਰਕ/ਨਿੱਜੀ ਪੱਤਰ ਪ੍ਰੇਰਕ
ਘੁਮਾਣ/ਬਟਾਲਾ, 18 ਨਵੰਬਰ
ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼੍ਰੋਮਣੀ ਭਗਤ ਨਾਮਦੇਵ ਦੀ ਚਰਨਛੋਹ ਪ੍ਰਾਪਤ ਨਗਰੀ ਘੁਮਾਣ ‘ਚ ਗੋਸ਼ਟੀ ਕਰਵਾਈ ਗਈ। ਬਾਬਾ ਨਾਮਦੇਵ ਦੇ ਜੀਵਨ ਉਪਰ ਕਰਵਾਈ ਗੋਸ਼ਟੀ ਦੇ ਮੁੱਖ ਮਹਿਮਾਨ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਬਲਵਿੰਦਰ ਸਿੰਘ ਲਾਡੀ ਸਨ। ਇਸ ਦੌਰਾਨ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਧਰਮ ਸਿੰਘ ਨੇ ਬਾਬਾ ਨਾਮਦੇਵ ਜੀ ਦੇ ਜੀਵਨ ਅਤੇ ਬਾਣੀ ਬਾਰੇ ਖੋਜ ਭਰਪੂਰ ਪੱਤਰ ਪੜ੍ਹਦਿਆਂ ਕਿਹਾ ਕਿ ਭਗਤ ਨਾਮਦੇਵ ਭਗਤੀ ਲਹਿਰ ਦੇ ਉੱਘੇ ਸੰਤ ਹੋਏ ਹਨ, ਉਨ੍ਹਾਂ ਦੀ ਬਾਣੀ ਮਾਨਵਤਾ ਲਈ ਚਾਨਣ ਮੁਨਾਰਾ ਹੈ। ਇਸ ਬਾਣੀ ਤੋਂ ਸਭ ਨੂੰ ਸੇਧ ਲੈਣੀ ਚਾਹੀਦੀ ਹੈ। ਉੱਘੇ ਵਿਦਵਾਨ ਪ੍ਰਿੰਸੀਪਲ ਅਵਤਾਰ ਸਿੰਘ ਨੇ ਵੀ ਭਗਤ ਨਾਮਦੇਵ ਦੇ ਜੀਵਨ ਅਤੇ ਬਾਣੀ ਬਾਰੇ ਆਪਣਾ ਪਰਚਾ ਪੇਸ਼ ਕੀਤੇ। ਇਸ ਤੋਂ ਪਹਿਲਾਂ ਸ਼ੁਰੂਆਤੀ ਸ਼ਬਦ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਕਰਮਜੀਤ ਕੌਰ ਨੇ ਬੋਲਦਿਆਂ ਹੋਇਆਂ ਵਿਭਾਗੀ ਗਤੀਵਿਧੀਆਂ ਅਤੇ ਨਾਮਦੇਵ ਜੀ ਦੇ ਜੀਵਨ ਬਾਰੇ ਗਿਆਨ ਭਰਪੂਰ ਚਾਨਣਾ ਪਾਇਆ। ਮੁੱਖ ਮਹਿਮਾਨ ਵਿਧਾਇਕ ਬਲਵਿੰਦਰ ਸਿੰਘ ਲਾਡੀ ਨੇ ਘੁਮਾਣ ਦੀ ਧਰਤੀ ਨੂੰ ਵੱਡਭਾਗੀ ਦੱਸਿਆ। ਉਨ੍ਹਾਂ ਕਿਹਾ ਕਿ ਭਾਸ਼ਾ ਵਿਭਾਗ ਦੇ ਇਸ ਉੱਦਮ ਨਾਲ ਲੋਕ ਭਗਤ ਨਾਮਦੇਵ ਜੀ ਦੇ ਜੀਵਨ ਤੇ ਫਲਸਫੇ ਤੋਂ ਹੋਰ ਵੀ ਜਾਣੂ ਹੋ ਸਕਣਗੇ।
ਇਸ ਸਮਾਗਮ ਵਿੱਚ ਸਫ਼ਾਈ ਕਰਮਚਾਰੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਗੇਜਾ ਰਾਮ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਮੂਲੀਅਤ ਕੀਤੀ ਅਤੇ ਭਗਤ ਨਾਮਦੇਵ ਜੀ ਵੱਲੋਂ ਬੱਸੀ ਪਠਾਣਾ ਨਗਰ ਵਿੱਚ ਬਿਤਾਏ ਸਮੇਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਸਮਾਗਮ ਵਿੱਚ ਗੁਰਮੇਜ ਸਿੰਘ ਭਰਾਤਾ ਉੱਘੇ ਸ਼ਾਇਰ ਸੰਤ ਰਾਮ ਉਦਾਸੀ ਨੇ ਵੀ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਉੱਘੇ ਚਿੰਤਕ ਤੀਰਥ ਸਿੰਘ ਢਿਲੋਂ ਨੇ ਵੀ ਭਗਤ ਨਾਮਦੇਵ ਜੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਡਾ. ਸਿਮਰਤ ਸੁਮੈਰਾ ਦੀ ਪੁਸਤਕ ‘ਕੇਸੂ ਫਿਰ ਖਿੜੇਂਗੇ’ ਦੀ ਘੁੰਡ ਚੁਕਾਈ ਕੀਤੀ ਗਈ।
ਪੁਸਤਕ ‘ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’ ਰਿਲੀਜ਼
ਰਈਆ (ਪੱਤਰ ਪ੍ਰੇਰਕ): ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਸਿੱਖ ਪੰਥ ਦੇ ਵਿਦਵਾਨ ਤੇ ਚਿੰਤਕ ਗੁਰਚਰਨਜੀਤ ਸਿੰਘ ਲਾਂਬਾ ਵੱਲੋਂ ਰਚਿਤ ਪੁਸਤਕ ‘ਸਾਖੀ ਸਿੱਖ ਰਹਿਤ ਮਰਯਾਦਾ ਜੀ ਕੀ’ ਨੂੰ ਜਾਰੀ ਕਰਦਿਆਂ ਉਨ੍ਹਾਂ ਵੱਲੋਂ ਮਰਯਾਦਾ ਬਾਰੇ ਖੋਜ ਅਤੇ ਤੱਥਾਂ ਦੇ ਅਧਾਰਿਤ ਵਡਮੁੱਲੀ ਪੁਸਤਕ ਪ੍ਰਕਾਸ਼ਿਤ ਕਰਨ ਦੀ ਸ਼ਲਾਘਾ ਕੀਤੀ।