ਧਾਰੀਵਾਲ (ਪੱਤਰ ਪ੍ਰੇਰਕ): ਇਥੇ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਧਾਰੀਵਾਲ ਕਲਾਂ ਵੱਲੋਂ ਚੀਮਾ ਯੂਥ ਕਲੱਬ ਦੇ ਸਹਿਯੋਗ ਨਾਲ ਗੁਰੂ ਅਰਜਨ ਦੇਵ ਦੇ ਸ਼ਹੀਦੀ ਦਿਹਾੜੇ ਅਤੇ ਪਿੰਗਲਵਾੜਾ (ਅੰਮ੍ਰਿਤਸਰ) ਦੇ ਬਾਨੀ ਭਗਤ ਪੂਰਨ ਸਿੰਘ ਦੀ ਜਨਮ ਸਤਾਬਦੀ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਸਬੰਧੀ ਗੁਰਦੁਆਰਾ ਸਾਹਿਬ ਚੀਮਾ ਪੱਤੀ ਵਿੱਚ ਸੁਖਮਨੀ ਸਾਹਿਬ ਦੇ ਪਾਠ ਦੇ ਜਾਪ ਕਰਨ ਮਗਰੋਂ ਬੀਬੀਆਂ ਦੇ ਜਥੇ ਵੱਲੋਂ ਸਬਦ ਗਾਇਨ ਕੀਤੇ ਅਤੇ ਭਾਈ ਮਨਜੀਤ ਸਿੰਘ ਗਿੱਲਮੰਝ ਵਾਲਿਆਂ ਨੇ ਗੁਰਬਾਣੀ ਕਥਾ ਵਿਚਾਰਾਂ ਕੀਤੀਆਂ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਬਾਬਾ ਅਜੈਬ ਸਿੰਘ ਨੇ ਵੱਧ ਤੋਂ ਵੱਧ ਬੂਟੇ ਲਗਾਉਣ ’ਤੇ ਜ਼ੋਰ ਦਿੱਤਾ। ਇਸ ਮੌਕੇ ਬਾਬਾ ਬੁੱਢਾ ਜੀ ਸੇਵਾ ਸੁਸਾਇਟੀ ਧਾਰੀਵਾਲ ਕਲਾਂ ਅਤੇ ਚੀਮਾ ਯੂਥ ਕਲੱਬ ਵਲੋਂ ਪਿੰਡ ਦੇ ਬਾਹਰਵਾਰ ਸੜਕ ਕਿਨਾਰੇ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ। ਇਸ ਤੋਂ ਇਲਾਵਾ ਲੋਕਾਂ ਨੂੰ ਫ਼ਲਦਾਰ ਅਤੇ ਫੁੱਲਦਾਰ ਬੂਟੇ ਵੀ ਵੰਡੇ।