ਪੱਤਰ ਪ੍ਰੇਰਕ
ਅਜਨਾਲਾ, 21 ਮਾਰਚ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਮਿਲਣ ’ਤੇ ਅੱਜ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਰਕਰਾਂ ਵੱਲੋਂ ਅਜਨਾਲਾ ਸ਼ਹਿਰ ਵਿੱਚ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ। ਉਪਰੰਤ ਆਪ ਦੇ ਆਗੂ ਐਡਵੋਕੇਟ ਰਾਜੀਵ ਮਦਾਨ ਅਤੇ ਜਸਪਿੰਦਰ ਸਿੰਘ ਛੀਨਾਂ ਨੇ ਦੱਸਿਆ ਕਿ ਪੰਜਾਬ ਦੇ ਨਵੇਂ ਬਣੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਭਲਕੇ ਬੁੱਧਵਾਰ ਨੂੰ ਅਜਨਾਲਾ ਪਹੁੰਚਣਗੇ। ਉਨ੍ਹਾਂ ਦੱਸਿਆ ਕਿ ਹੁਣ ਅਜਨਾਲਾ ਖੇਤਰ ਸਮੇਤ ਪੂਰੇ ਪੰਜਾਬ ਦੀ ਵਿਕਾਸ ਪੱਖੋਂ ਨੁਹਾਰ ਬਦਲ ਜਾਵੇਗੀ। ਜਿਕਰਯੋਗ ਹੈ ਕਿ ਸ੍ਰੀ ਧਾਲੀਵਾਲ ਦੇ ਕੈਬਨਿਟ ਮੰਤਰੀ ਬਣਨ ਪਿੱਛੋਂ ਅਤੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਖਤਮ ਹੋਣ ਉਪਰੰਤ ਉਨ੍ਹਾਂ ਦੀ ਆਪਣੇ ਜੱਦੀ ਹਲਕੇ ਵਿੱਚ ਪਹਿਲੀ ਆਮਦ ਹੈ ਜਿਸ ਨੂੰ ਲੈ ਕੇ ‘ਆਪ’ ਵਰਕਰਾਂ ਵਿੱਚ ਜਿੱਥੇ ਉਤਸ਼ਾਹ ਹੈ ਉੱਥੇ ਹੀ ਉਨ੍ਹਾਂ ਦੇ ਸਵਾਗਤ ਦੀਆਂ ਹਲਕਾ ਵਾਸੀਆਂ ਨੇ ਤਿਆਰੀਆਂ ਆਰੰਭ ਦਿੱਤੀਆਂ ਹਨ।
ਵਿਧਾਇਕ ਸ਼ੈਰੀ ਕਲਸੀ ਤੇ ਪਰਿਵਾਰ ਦਾ ਸਨਮਾਨ
ਬਟਾਲਾ (ਨਿੱਜੀ ਪੱਤਰ ਪ੍ਰੇਰਕ): ਪਿੰਡ ਕੋਟਲਾ ਸ਼ਾਹੀਆਂ ਦੇ ਵਾਸੀਆਂ ਅਤੇ ਸੁਰਜੀਤ ਸਪੋਰਟਸ ਐਸੋਸੀਏਸ਼ਨ ਅਤੇ ਕਮਲਜੀਤ ਯਾਦਗਾਰੀ ਖੇਡਾਂ ਦੀ ਸਮੁੱਚੀ ਟੀਮ ਵੱਲੋਂ ਬਟਾਲਾ ਹਲਕੇ ਦੇ ਵਿਧਾਇਕ ਅਮਨ ਸ਼ੇਰ ਸਿੰਘ (ਸ਼ੈਰੀ ਕਲਸੀ) ਦਾ ਸਨਮਾਨ ਕੀਤਾ ਗਿਆ। ਪਿੰਡ ਕੋਟਲਾ ਸ਼ਾਹੀਆਂ ਵਿਧਾਇਕ ਸ਼ੈਰੀ ਕਲਸੀ ਦਾ ਜ਼ੱਦੀ ਪਿੰਡ ਹੈ । ਇਸੇ ਪਿੰਡ ਦੇ ਪੰਜਾਬ ਪੁਲੀਸ ਵਿੱਚ ਬਤੌਰ ਐੱਸਪੀ. ਸੇਵਾਵਾਂ ਨਿਭਾਅ ਰਹੇ ਪ੍ਰਿਥੀਪਾਲ ਸਿੰਘ ਨੇ ਕਿਹਾ ਕਿ ਸਮਾਰੋਹ ਵਿੱਚ ਵਿਧਾਇਕ ਕਲਸੀ, ਉਨ੍ਹਾਂ ਦੀ ਮਾਤਾ ਬਲਬੀਰ ਕੌਰ ਕਲਸੀ, ਪਤਨੀ ਰਾਜਬੀਰ ਕੌਰ ਕਲਸੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਪਹਿਲਾਂ ਵਿਧਾਇਕ ਸ਼ੈੈਰੀ ਕਲਸੀ ਦਾ ਪਿੰਡ ਵਾਸੀਆਂ ਨੇ ਢੋਲ ਨਗਾਰਿਆਂ ਨਾਲ ਸਵਾਗਤ ਕੀਤਾ। ਇਸ ਮੌਕੇ ਵਿਧਾਇਕ ਸ਼ੈਰੀ ਕਲਸੀ ਨੇ ਕਿਹਾ ਕਿ ਉਹ ਅੱਜ ਜਿਸ ਮੁਕਾਮ ’ਤੇ ਹਨ ਆਪਣੇ ਬਜ਼ੁਰਗਾਂ ਅਤੇ ਭੈਣ-ਭਰਾਵਾਂ ਦੇ ਅਸ਼ੀਰਵਾਦ ਸਦਕਾ ਹੀ ਹਨ।