ਪੱਤਰ ਪ੍ਰੇਰਕ
ਪਠਾਨਕੋਟ, 29 ਅਕਤੂਬਰ
ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਚੀਫ ਸੈਕਟਰੀ, ਡੀਜੀਪੀ ਨਾਲ ਮੁਲਾਕਾਤ ਕਰਕੇ ਜ਼ਿਲ੍ਹਾ ਪਠਾਨਕੋਟ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਜ਼ਿਲ੍ਹਾ ਪ੍ਰਧਾਨ ਠਾਕੁਰ ਅਮਿਤ ਸਿੰਘ ਮੰਟੂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਰੋਸਾ ਦਿਵਾਇਆ ਕਿ ਜ਼ਿਲ੍ਹਾ ਪਠਾਨਕੋਟ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ਅਤੇ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਸੁਜਾਨਪੁਰ ਸ਼ਹਿਰ ਵਿੱਚ ਸੀਵਰੇਜ ਟਰੀਟਮੈਂਟ ਪਲਾਂਟ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ, ਜਿਸ ਨਾਲ ਲੰਬੇ ਸਮੇਂ ਤੋਂ ਸੁਜਾਨਪੁਰ ਦੇ ਲੋਕਾਂ ਦੀ ਚੱਲੀ ਆ ਰਹੀ ਮੰਗ ਪੂਰੀ ਹੋ ਸਕੇਗੀ ਜਦ ਕਿ ਪਹਿਲਾਂ ਕਿਸੇ ਵੀ ਸਰਕਾਰ ਨੇ ਇਸ ਮੰਗ ਵੱਲ ਧਿਆਨ ਨਹੀਂ ਦਿੱਤਾ ਸੀ, ਜਿਸ ਦਾ ਨਤੀਜਾ ਇਹ ਸੀ ਕਿ ਲੋਕ ਸੁਜਾਨਪੁਰ ਦਾ ਸਾਰਾ ਗੰਦ ਨਹਿਰ ਵਿੱਚ ਸੁੱਟਦੇ ਸਨ ਤੇ ਨਹਿਰ ਦੇ ਪਾਣੀ ਨੂੰ ਪ੍ਰਦੂਸ਼ਿਤ ਕਰਦੇ ਸਨ। ਇਸੇ ਤਰ੍ਹਾਂ ਸੁਜਾਨਪੁਰ ਦੀਆਂ ਸੜਕਾਂ ਦੀ ਮੁਰੰਮਤ ਦਾ ਵੀ ਕੰਮ ਵੀ ਜਲਦੀ ਸ਼ੁਰੂ ਕਰਵਾਇਆ ਜਾਵੇਗਾ।