ਗੁਰਬਖਸ਼ਪੁਰੀ
ਤਰਨ ਤਾਰਨ, 2 ਜੂਨ
ਇੱਥੇ ਇੱਕ ਤਲਾਕਸ਼ੁਦਾ ਭੈਣ ’ਤੇ ਉਸਦੇ ਸਕੇ ਤੇ ਚਚੇਰੇ ਭਰਾਵਾਂ ਵੱਲੋਂ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਆਪਣੇ ਪਤੀ ਤੋਂ ਤਲਾਕ ਲੈ ਕੇ ਪੇਕੇ ਘਰ ਰਹਿ ਰਹੀ 36 ਸਾਲਾ ਮਮਤਾ ਨੂੰ ਹੁਣ ਆਪਣੇ ਸਕੇ ਅਤੇ ਚਚੇਰੇ ਭਰਾਵਾਂ ਦੇ ਤਸ਼ੱਦਦ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ|
ਪੰਜ ਦਿਨ ਪਹਿਲਾਂ ਉਸ ਦੇ ਸਕੇ ਭਰਾ ਮਸਕੀਨ ਸਿੰਘ ਅਤੇ ਚਚੇਰੇ ਭਰਾ ਕੁਲਦੀਪ ਸਿੰਘ ਨੇ ਆਪਣੇ ਤਿੰਨ ਹੋਰ ਸਾਥੀਆਂ ਨੂੰ ਨਾਲ ਲੈ ਕੇ ਉਸ ’ਤੇ ਹਮਲਾ ਕਰ ਕੇ ਕੁੱਟਮਾਰ ਕੀਤੀ ਤੇ ਉਸ ਦੇ ਘਰੇਲੂ ਸਾਮਾਨ ਦੀ ਭੰਨ-ਤੋੜ ਕੀਤੀ| ਥਾਣਾ ਝਬਾਲ ਦੀ ਪੁਲੀਸ ਨੇ ਮੁਲਜ਼ਮਾਂ ਵਿਰੁੱਧ ਧਾਰਾ 452, 354, 323, 427, 506, 148 ਤੇ 149 ਫੌਜਦਾਰੀ ਅਧੀਨ ਕੇਸ ਦਰਜ ਤਾਂ ਕੀਤਾ ਹੈ ਪਰ ਕਿਸੇ ਵੀ ਮੁਲਜ਼ਮ ਨੂੰ ਗ੍ਰਿਫ਼ਤਾਰ ਨਹੀਂ ਕੀਤਾ| ਪੀੜਤਾ ਨੇ ਦੱਸਿਆ ਕਿ ਉਸ ਦੇ ਮਾਪਿਆਂ ਨੇ 16 ਕੁ ਸਾਲ ਦੀ ਉਮਰ ਵਿੱਚ ਹੀ ਉਸ ਦਾ ਵਿਆਹ ਕਰ ਦਿੱਤਾ ਸੀ| ਇਸੇ ਦੌਰਾਨ ਉਸ ਦਾ ਆਪਣੇ ਪਤੀ ਨਾਲ ਤਕਰਾਰ ਚੱਲ ਪਿਆ ਜਿਸ ਕਰਕੇ ਨੌਬਤ ਤਲਾਕ ਤੱਕ ਚਲੀ ਗਈ| ਉਹ ਪੇਕੇ ਘਰ ਆ ਗਈ| ਉਸ ਦੇ ਪਿਤਾ ਨੇ ਉਸ ਨੂੰ ਘਰ ਬਣਾਉਣ ਲਈ 10 ਮਰਲੇ ਦਾ ਪਲਾਟ ਦੇ ਦਿੱਤਾ|
ਉਸ ਨੇ ਦੋਸ਼ ਲਾਇਆ ਕਿ ਉਸ ਦੇ ਭਰਾ ਮਸਕੀਨ ਸਿੰਘ ਨੇ ਉਸ ਦੀ ਮਾਰਕੁੱਟ ਕਰਕੇ ਪਲਾਟ ਵਿੱਚੋਂ ਉਸ ਨੂੰ ਬਾਹਰ ਕੱਢ ਦਿੱਤਾ ਜਿਸ ਕਾਰਨ ਉਹ ਆਪਣੀ 19 ਸਾਲਾ ਲੜਕੀ ਅਤੇ 18 ਸਾਲਾ ਲੜਕੇ ਸਮੇਤ ਪੇਕੇ-ਘਰ ਦੇ ਨੇੜੇ ਤੰਬੂ ਲਗਾ ਕੇ ਰਹਿਣ ਲੱਗੀ ਪਰ ਮੁਲਜ਼ਮਾਂ ਨੇ ਉਸ ਦਾ ਤੰਬੂ ਵੀ ਨਸ਼ਟ ਕਰ ਦਿੱਤਾ| ਉਸ ਨੇ ਸਮਾਜ ਸੇਵੀ ਜਥੇਬੰਦੀਆਂ ਕੋਲੋਂ ਮਦਦ ਦੀ ਮੰਗ ਕੀਤੀ ਹੈ| ਉਸ ਨੇ ਉੱਚ ਪੁਲੀਸ ਅਧਿਕਾਰੀਆਂ ਕੋਲੋਂ ਮੁਲਜ਼ਮਾਂ ਨੂੰ ਬਿਨਾਂ ਦੇਰੀ ਦੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ|