ਐੱਨਪੀ ਧਵਨ
ਪਠਾਨਕੋਟ, 1 ਨਵੰਬਰ
ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਨੇ ਸ਼ਹੀਦ ਪਰਿਵਾਰਾਂ ਨੂੰ ਨਾਲ ਲੈ ਕੇ ਭਾਰਤ-ਪਾਕਿ ਸਰਹੱਦ ਦੀ ਜ਼ੀਰੋ ਲਾਈਨ ’ਤੇ ਪੈਂਦੀ ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੀ ਚੱਕਰੀ ਪੋਸਟ ’ਤੇ ਜਵਾਨਾਂ ਨਾਲ ਦੀਵਾਲੀ ਮਨਾਈ ਅਤੇ ਆਤਿਸ਼ਬਾਜ਼ੀ ਚਲਾ ਕੇ ਉਨ੍ਹਾਂ ਨੂੰ ਮਠਿਆਈ ਵੰਡੀ। ਅੰਤ ਵਿੱਚ ਉਨ੍ਹਾਂ ਸਭਨਾਂ ਨੇ ਭਾਰਤ ਮਾਤਾ ਦੀ ਜੈ ਦੇ ਜੈਕਾਰੇ ਲਗਾਏ। ਸੁਰੱਖਿਆ ਪਰਿਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਬਾਅਦ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪਰਿਸ਼ਦ ਦੇਸ਼ ਦੀ ਪਹਿਲੀ ਅਜਿਹੀ ਸੰਸਥਾ ਹੈ, ਜੋ ਬਲੀਦਾਨੀ ਪਰਿਵਾਰਾਂ ਨੂੰ ਨਾਲ ਲੈ ਕੇ ਸਰਹੱਦ ’ਤੇ ਜਾ ਕੇ ਆਪਣੇ ਦੇਸ਼ ਦੇ ਵੀਰ ਜਵਾਨਾਂ ਨਾਲ ਦੀਵਾਲੀ ਦਾ ਤਿਉਹਾਰ ਮਨਾ ਕੇ ਉਨ੍ਹਾਂ ਦਾ ਮਨੋਬਲ ਵਧਾਉਂਦੀ ਹੈ ਅਤੇ ਉਨ੍ਹਾਂ ਨੂੰ ਇਹ ਅਹਿਸਾਸ ਕਰਵਾਉਂਦੀ ਹੈ ਕਿ ਉਹ ਵੀ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਹਨ।
ਉਨ੍ਹਾਂ ਕਿਹਾ ਕਿ ਅੱਜ ਦੇਸ਼ ਵਾਸੀ ਇਨ੍ਹਾਂ ਵੀਰ ਸੈਨਿਕਾਂ ਦੀ ਬਦੌਲਤ ਹੀ ਆਪਣੇ ਤਿਉਹਾਰ ਖੁਸ਼ੀ-ਖੁਸ਼ੀ ਸੁਰੱਖਿਅਤ ਰਹਿ ਕੇ ਮਨਾ ਰਹੇ ਹਨ। ਬੀਐੱਸਐੱਫ ਦੀ 58ਵੀਂ ਬਟਾਲੀਅਨ ਦੇ ਡਿਪਟੀ ਕਮਾਂਡੈਂਟ ਰਜਨੀਕਾਂਤ ਅਤੇ ਜਵਾਨਾਂ ਦਾ ਕਹਿਣਾ ਸੀ ਕਿ ਸ਼ਹੀਦ ਸੈਨਿਕ ਪਰਿਵਾਰ ਪ੍ਰੀਸ਼ਦ ਵੱਲੋਂ ਉਨ੍ਹਾਂ ਦੇ ਨਾਲ ਦੀਵਾਲੀ ਮਨਾਉਣ ਦਾ ਇਹ ਜੋ ਉਪਰਾਲਾ ਕੀਤਾ ਹੈ, ਸਲਾਹੁਣਯੋਗ ਹੈ ਅਤੇ ਇਹ ਸਮਾਗਮ ਸਰਹੱਦ ਦੀ ਰਾਖੀ ਕਰਨ ਸਮੇਂ ਉਨ੍ਹਾਂ ਲਈ ਪ੍ਰੇਰਨਾਦਾਇਕ ਤੇ ਸੰਜੀਵਨੀ ਬੂਟੀ ਸਾਬਿਤ ਹੋਵੇਗਾ। ਸ਼ਹੀਦ ਪਰਿਵਾਰਾਂ ਦੇ ਆਉਣ ਨਾਲ ਉਨ੍ਹਾਂ ਨੂੰ ਦੀਵਾਲੀ ਦੇ ਇਸ ਤਿਉਹਾਰ ਮੌਕੇ ਆਪਣੇ ਪਰਿਵਾਰਾਂ ਤੋਂ ਦੂਰ ਇਕੱਲੇਪਨ ਦਾ ਅਹਿਸਾਸ ਨਹੀਂ ਹੋ ਰਿਹਾ ਅਤੇ ਇਹ ਮਹਿਸੂਸ ਹੋ ਰਿਹਾ ਹੈ ਕਿ ਪੂਰੇ ਭਾਰਤਵਾਸੀ ਉਨ੍ਹਾਂ ਦੇ ਨਾਲ ਹਨ। ਉਨ੍ਹਾਂ ਕਿਹਾ ਕਿ ਸਰਹੱਦ ’ਤੇ ਤਾਇਨਾਤ ਸਾਡੇ ਜਵਾਨਾਂ ਦਾ ਮਨੋਬਲ ਬਹੁਤ ਉਚਾ ਹੈ ਅਤੇ ਉਨ੍ਹਾਂ ਦੇ ਹੁੰਦੇ ਹੋਏ ਕੋਈ ਵੀ ਦੁਸ਼ਮਣ ਸਾਡੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨ ਦੀ ਜੁਅਰਤ ਨਹੀਂ ਕਰ ਸਕਦਾ। ਇਸ ਮੌਕੇ ਐੱਸਡੀਓ ਨਰੇਸ਼ ਤ੍ਰਿਪਾਠੀ, ਰਾਜਪੂਤ ਮਹਾਂਸਭਾ ਦੇ ਹਲਕਾ ਗੁਰਦਾਸਪੁਰ ਦੇ ਪ੍ਰਧਾਨ ਸੰਤੋਖ ਸਿੰਘ, ਗਰਾਮ ਸੁਧਾਰ ਸਭਾ ਦੇ ਪ੍ਰਧਾਨ ਵਿਜੈ ਸਿੰਘ ਸਲਾਰੀਆ, ਕੰਪਨੀ ਕਮਾਂਡਰ ਇੰਸਪੈਕਟਰ ਮਨੋਜ ਕੁਮਾਰ ਆਦਿ ਵੀ ਹਾਜ਼ਰ ਸਨ।
ਪੁਲੀਸ ਕਮਿਸ਼ਨਰ ਨੇ ਡਿਊਟੀ ’ਤੇ ਤਾਇਨਾਤ ਮੁਲਾਜ਼ਮਾਂ ਨੂੰ ਮਠਿਆਈ ਵੰਡੀ
ਜਲੰਧਰ (ਪਾਲ ਸਿੰਘ ਨੌਲੀ): ਪੁਲੀਸ ਕਮਿਸ਼ਨਰ ਸਵਪਨ ਸ਼ਰਮਾ ਨੇ ਸ਼ਹਿਰ ਵਿੱਚ ਦੀਵਾਲੀ ਵਾਲੀ ਰਾਤ ਡਿਊਟੀ ਦੇ ਰਹੇ ਪੁਲੀਸ ਅਧਿਕਾਰੀਆਂ ਤੇ ਮੁਲਾਜ਼ਮਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।
ਪੁਲੀਸ ਕਮਿਸ਼ਨਰ ਨੇ ਨਿੱਜੀ ਤੌਰ ’ਤੇ ਸਾਰੇ ਪੁਲੀਸ ਅਧਿਕਾਰੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਅਤੇ ਤਿਉਹਾਰ ਦੌਰਾਨ ਡਿਊਟੀ ਪ੍ਰਤੀ ਵਚਨਬੱਧਤਾ ਦੀ ਪ੍ਰਸ਼ੰਸਾ ਕੀਤੀ। ਪੁਲੀਸ ਕਮਿਸ਼ਨਰ ਨੇ ਦੀਵਾਲੀ ਦੀ ਰਾਤ ਨੂੰ ਸ਼ਹਿਰ ਦੇ ਵੱਖ-ਵੱਖ ਡਿਊਟੀ ਪੋਸਟਾਂ ਦਾ ਦੌਰਾ ਕੀਤਾ।