ਦਲਬੀਰ ਸਿੱਖੋਵਾਲੀਆ/ਕੇ.ਪੀ ਸਿੰਘ
ਡੇਰਾ ਬਾਬਾ ਨਾਨਕ/ ਗੁਰਦਾਸਪੁਰ , 7 ਜਨਵਰੀ
ਜ਼ਿਲ੍ਹੇ ਦੇ ਬਲਾਕ ਕਲਾਨੌਰ ਅਧੀਨ ਆਉਂਦੇ ਪਿੰਡ ਪਿੰਡੀ ਸੈਦਾਂ ਵਿੱਚ ਭੇਤਭਰੀ ਹਾਲਤ ’ਚ ਦਰਜਨਾਂ ਕਾਂ ਅਤੇ ਬਗਲੇ ਮਿ੍ਤ ਹਾਲਤ ’ਚ ਮਿਲਣ ਤੋਂ ਬਾਅਦ ਲੋਕਾਂ ਨੇ ਬਰਡ ਫਲੂ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਵੀਰਵਾਰ ਨੂੰ ਪਿੰਡ ਪਿੰਡੀ ਸੈਦਾਂ ਦੇ ਸਰਪੰਚ ਰਵੇਲ ਸਿੰਘ ਪਿੰਡੀਆਂ, ਅੰਤਰਰਾਸ਼ਟਰੀ ਰਾਗੀ ਭਾਈ ਜਗਜੀਤ ਸਿੰਘ, ਸਰਦੂਲ ਸਿੰਘ, ਦਲਜੀਤ ਸਿੰਘ ਮੈਂਬਰ ਪੰਚਾਇਤ ਆਦਿ ਨੇ ਦੱਸਿਆ ਕਿ ਪਿੰਡ ਪਿੰਡੀ ਸੈਦਾਂ ਦੇ ਖੇਤਾਂ ਵਿੱਚ ਦਲਜੀਤ ਸਿੰਘ ਅਤੇ ਪੰਚ ਸਰਦੂਲ ਸਿੰਘ ਨੇ ਵੱਡੀ ਗਿਣਤੀ ਵਿੱਚ ਕਾਂ ਅਤੇ ਬਗਲੇ ਮ੍ਰਿਤਕ ਹਾਲਤ ਵਿੱਚ ਵੇਖੇ। ਇਸ ਸਬੰਧੀ ਜੰਗਲੀ ਜੀਵ ਵਿਭਾਗ ਦੀ ਅਧਿਕਾਰੀ ਰਮਨਦੀਪ ਕੌਰ ਅਤੇ ਬਲਾਕ ਅਫ਼ਸਰ ਗੁਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਹਿਕਮੇ ਦੀਆਂ ਟੀਮਾਂ ਮਰੇ ਪੰਛੀਆਂ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀਆਂ ਹਨ । ਵੈਟਰਨਰੀ ਡਾਕਟਰ ਮੰਜੇਸ਼ ਸ਼ਰਮਾ ਵੱਲੋਂ ਮ੍ਰਿਤ ਪੰਛੀਆਂ ਨੂੰ ਜਾਂਚ ਲਈ ਭੇਜਿਆ ਗਿਆ ਹੈ।
ਪਠਾਨਕੋਟ ਪ੍ਰਸ਼ਾਸਨ ਹੋਇਆ ਚੌਕਸ
ਪਠਾਨਕੋਟ (ਪੱਤਰ ਪ੍ਰੇਰਕ): ਨਜ਼ਦੀਕ ਪੌਂਗ ਡੈਮ ਤੇ ਪਰਵਾਸੀ ਪੰਛੀਆਂ ਦੇ ਅਚਾਨਕ ਮਰਨ ਨਾਲ ਸਭਨਾਂ ਦਾ ਇਸ ਵੱਲ ਧਿਆਨ ਖਿੱਚਿਆ ਗਿਆ ਹੈ। ਜਿਉਂ ਹੀ ਪੰਛੀਆਂ ਦੇ ਮਰਨ ਦੀ ਖਬਰ ਆਉਣ ਲੱਗੀ ਤਾਂ ਤੁਰੰਤ ਸਰਕਾਰ ਹਰਕਤ ਵਿੱਚ ਆਈ। ਵਾਈਲਡ ਲਾਈਫ ਦੇ ਡੀਐਫਓ ਰਾਜੇਸ਼ ਮਹਾਜਨ ਨੇ ਦੱਸਿਆ ਕਿ ਬਰਡ ਫਲੂ ਨੂੰ ਲੈ ਕੇ ਪੂਰੇ ਜ਼ਿਲ੍ਹੇ ਵਿੱਚ ਹਾਈ ਅਲਰਟ ਕਰ ਦਿੱਤਾ ਹੈ।