ਐੱਨ ਪੀ ਧਵਨ
ਪਠਾਨਕੋਟ, 10 ਨਵੰਬਰ
ਪਿੰਡ ਬਕਨੌਰ ਵਿੱਚ ਦੇਸ਼ ਦੀ ਪਹਿਲੀ ਮਹਿਲਾ ਅਧਿਆਪਕਾ ਸਵਿੱਤਰੀ ਬਾਈ ਫੂਲੇ ਦੇ ਨਾਂ ’ਤੇ ਬਣਾਈ ਗਈ ਪਬਲਿਕ ਲਾਇਬ੍ਰੇਰੀ ਦੇ ਕੰਪਲੈਕਸ ਵਿੱਚ ਡਾ. ਬੀ.ਆਰ. ਅੰਬੇਡਕਰ ਚੇਤਨਾ ਮੰਚ ਤਾਰਾਗੜ੍ਹ ਵੱਲੋਂ ਇੱਕ ਇਨਾਮ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਅਤੇ ਸਵਾਮੀ ਗੁਰਦੀਪ ਗਿਰੀ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਸਕੂਲੀ ਬੱਚਿਆਂ ਨੂੰ ਆਸ਼ੀਰਵਾਦ ਦਿੱਤਾ। ਇਨ੍ਹਾਂ ਤੋਂ ਇਲਾਵਾ ਬਲਾਕ ਪ੍ਰਧਾਨ ਪਵਨ ਕੁਮਾਰ ਫੌਜੀ, ਰਾਜਾ ਬਕਨੌਰ, ਡਾ. ਇੰਦਰਜੀਤ ਰਾਣਾ, ਸੋਮਾ ਅੱਤਰੀ ਅਤੇ ਸੰਸਥਾ ਦੇ ਹੋਰ ਆਗੂ ਵੀ ਹਾਜ਼ਰ ਸਨ।
ਕੈਬਨਿਟ ਮੰਤਰੀ ਸ੍ਰੀ ਕਟਾਰੂਚੱਕ ਨੇ ਕਿਹਾ ਕਿ ਚੇਤਨਾ ਮੰਚ ਵੱਲੋਂ ਸਕੂਲੀ ਬੱਚਿਆਂ ਦੇ ਬੌਧਿਕ ਗਿਆਨ ਦੇ ਹਰ ਸਾਲ ਮੁਕਾਬਲੇ ਕਰਵਾਉਣ ਦਾ ਵਧੀਆ ਉਪਰਾਲਾ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਹਜ਼ਾਰਾਂ ਰੁਪਇਆਂ ਦੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੇ ਉਪਰਾਲਿਆਂ ਸਦਕਾ ਹੀ ਸਾਨੂੰ ਸਿੱਖਿਆ ਦਾ ਹੱਕ ਮਿਲਿਆ ਜਿਸ ਨਾਲ ਅਸੀਂ ਸਭ ਲੋਕ ਇਸ ਮੁਕਾਮ ’ਤੇ ਪੁੱਜੇ ਹਾਂ। ਇਸ ਕਰਕੇ ਵੱਧ ਤੋਂ ਵੱਧ ਬੱਚਿਆਂ ਨੂੰ ਪੜ੍ਹਾਈ ਕਰਵਾਉਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਲਾਇਬਰੇਰੀ ਪ੍ਰਬੰਧਕਾਂ ਵੱਲੋਂ ਆਡੀਟੋਰੀਅਮ ਦੀ ਮੰਗ ਕੀਤੀ ਗਈ ਹੈ ਜਿਸ ਕਰਕੇ ਆਡੀਟੋਰੀਅਮ ਦਾ ਡਿਜ਼ਾਈਨ ਅਤੇ ਐਸਟੀਮੇਟ ਆਦਿ ਤਿਆਰ ਕਰਵਾ ਲਿਆ ਜਾਵੇ ਜਿਸ ਨੂੰ ਬਣਾਉਣ ਲਈ ਫੰਡਾਂ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ।