ਨਿੱਜੀ ਪੱਤਰ ਪ੍ਰੇਰਕ
ਗੁਰਦਾਸਪੁਰ, 20 ਅਗਸਤ
ਜ਼ਿਲ੍ਹਾ ਸਾਹਿਤ ਕੇਂਦਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਸ਼ਹੀਦ ਬਲਜੀਤ ਸਿੰਘ ਯਾਦਗਾਰੀ ਭਵਨ ਗੁਰਦਾਸਪੁਰ ਵਿੱਚ ਮਰਹੂਮ ਪਦਮਸ਼੍ਰੀ ਡਾ. ਸੁਰਜੀਤ ਪਾਤਰ ਦੀ ਯਾਦ ਨੂੰ ਸਮਰਪਿਤ ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ।
ਪ੍ਰਧਾਨਗੀ ਮੰਡਲ ਵਿੱਚ ਡਾ. ਲੇਖ ਰਾਜ, ਡਾ. ਬਲਦੇਵ ਸਿੰਘ ਬੱਧਣ, ਸੰਧੂ ਵਰਿਆਣਵੀ, ਤਰਸੇਮ ਸਿੰਘ ਭੰਗੂ, ਮੱਖਣ ਕੁਹਾੜ, ਜਗਦੀਸ਼ ਰਾਣਾ ਅਤੇ ਸੁਲਤਾਨ ਭਾਰਤੀ ਸੁਸ਼ੋਭਿਤ ਸਨ। ਡਾ. ਪਾਤਰ ਨੂੰ ਯਾਦ ਕਰਦਿਆਂ ਸਾਥੀ ਮੱਖਣ ਕੁਹਾੜ ਵੱਲੋਂ ਉਨ੍ਹਾਂ ਦੀ ਸਾਹਿਤ ਨੂੰ ਵਡਮੁੱਲੀ ਦੇਣ ’ਤੇ ਚਾਨਣਾ ਪਾਉਂਦਿਆਂ ਉਨ੍ਹਾਂ ਦੇ ਸ਼ੇਅਰ ਸਾਂਝੇ ਕੀਤੇ ਅਤੇ ਉਨ੍ਹਾਂ ਦੀ ਲਿਖਤ ਨੂੰ ਸਮਾਜ ਲਈ ਰਾਹ ਦਸੇਰਾ ਦੱਸਿਆ। ਸ਼ੀਤਲ ਸਿੰਘ ਗੁੰਨੋਪੁਰੀ ਨੇ ਜ਼ਿਲ੍ਹਾ ਸਾਹਿਤ ਕੇਂਦਰ ਦੇ ਸਾਬਕਾ ਪ੍ਰਧਾਨ ਮਰਹੂਮ ਪ੍ਰੋ. ਕਿਰਪਾਲ ਸਿੰਘ ਯੋਗੀ ਦੀ ਘਾਲਣਾ ’ਤੇ ਚਾਨਣਾ ਪਾਇਆ। ‘ਸੱਚ ਦੇ ਰਾਹੀ’ ਕੁਲਜੀਤ ਸਿੰਘ ਰੰਧਾਵਾ ਅਤੇ ‘ਅਠਾਰਵੀਂ ਸਦੀ ਦੇ ਸਿੱਖ ਸਾਕੇ ਅਤੇ ਘੱਲੂਘਾਰੇ’ ਸੁਲੱਖਣ ਸਰਹੱਦੀ ਰਚਿਤ ਪੁਸਤਕਾਂ ਦਾ ਲੋਕ ਅਰਪਣ ਕੀਤਾ ਗਿਆ। ਗ਼ਜ਼ਲਗੋ ਸ਼ਾਇਰ ਜਨਾਬ ਸੁਲਤਾਨ ਭਾਰਤੀ ਨੂੰ ਲੋਕ ਕਵੀ ਹਰਭਜਨ ਸਿੰਘ ਹੁੰਦਲ ਯਾਦਗਾਰੀ ਸਨਮਾਨ ਨਾਲ ਸਨਮਾਨਿਆ ਗਿਆ। ਇਸ ਮੌਕੇ ਪਹੁੰਚੇ ਡਾ. ਬਲਦੇਵ ਸਿੰਘ ਬੱਧਣ ਨੇ ਸਾਹਿਤਕਾਰਾਂ ਨੂੰ ਸੇਧ ਦਿੰਦਿਆਂ ਕੁਝ ਸ਼ਬਦ ਸਾਂਝੇ ਕੀਤੇ।