ਐੱਨ.ਪੀ. ਧਵਨ
ਪਠਾਨਕੋਟ, 26 ਜੂਨ
ਸੁਜਾਨਪੁਰ ਤੋਂ ਪਠਾਨਕੋਟ ਅਤੇ ਮਾਧੋਪੁਰ ਨੂੰ ਟੈਂਪੂ ਨਾ ਚੱਲਣ ਕਾਰਨ ਟੈਂਪੂ ਚਾਲਕਾਂ ਨੂੰ ਭਾਰੀ ਆਰਥਿਕ ਮੰਦੀ ਝੱਲਣੀ ਪੈ ਰਹੀ ਹੈ। ਇਸ ਦੇ ਨਾਲ ਹੀ ਆਮ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸ ਸਬੰਧੀ ਟੈਂਪੂ ਚਾਲਕ ਰਜਿੰਦਰ ਸਿੰਘ, ਬਲਵੰਤ ਰਾਏ, ਰਤਨ ਚੰਦ, ਬਬਲੂ ਤੇ ਕਾਂਤੀ ਕੁਮਾਰ ਨੇ ਦੱਸਿਆ ਕਿ ਲੱਗਭੱਗ ਪਿਛਲੇ 3 ਮਹੀਨੇ ਤੋਂ ਉਨ੍ਹਾਂ ਦੇ ਟੈਂਪੂ ਕਰੋਨਾਵਾਇਰਸ ਕਾਰਨ ਬੰਦ ਪਏ ਹਨ। ਇਸ ਕਾਰਨ ਉਨ੍ਹਾਂ ਨੂੰ ਖਾਣ ਦੇ ਵੀ ਲਾਲੇ ਪੈਣ ਲੱਗੇ ਹਨ ਪਰ ਪੰਜਾਬ ਸਰਕਾਰ ਇਸ ਵੱਲ ਕੋਈ ਧਿਆਨ ਨਹੀਂ ਦੇ ਰਹੀ ਜਦ ਕਿ ਆਮ ਲੋਕਾਂ ਨੂੰ ਵੀ ਇਸ ਸੁਵਿਧਾ ਦੇ ਨਾ ਹੋਣ ਕਾਰਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਵਿਦਿਆਰਥੀ ਸੁਧੀਰ ਮਹਾਜਨ, ਸਿਮਰਨ, ਰਾਜਵੀਰ ਅਤੇ ਰੋਜ਼ਾਨਾ ਜਾਣ ਵਾਲੇ ਯਾਤਰੀ ਪ੍ਰਿਆ, ਰਾਕੇਸ਼ ਕੁਮਾਰ, ਸੁਰਿੰਦਰ ਕੁਮਾਰ, ਜੋਗਿੰਦਰ ਪਾਲ ਨੇ ਦੱਸਿਆ ਕਿ ਉਹ ਆਪਣੇ ਕੰਮਾਂ ਲਈ ਅਤੇ ਪੜ੍ਹਾਈ ਕਰਨ ਲਈ ਪਠਾਨਕੋਟ ਜਾਂਦੇ ਸਨ ਪਰ ਟੈਂਪੂ ਬੰਦ ਹੋਣ ਦੇ ਕਾਰਨ ਉਨ੍ਹਾਂ ਨੂੰ ਆਉਣਾ ਜਾਣਾ ਮੁਸ਼ਕਲ ਹੋ ਗਿਆ ਹੈ।