ਪੱਤਰ ਪ੍ਰੇਰਕ
ਤਰਨ ਤਾਰਨ, 31 ਦਸੰਬਰ
ਪੰਜਾਬ ਪੁਲੀਸ ਅਤੇ ਬੀਐੱਸਐੱਫ਼ ਨੇ ਸਰਹੱਦੀ ਖੇਤਰ ਦੇ ਪਿੰਡ ਮਾੜੀ ਕੰਬੋਕੇ ਦੇ ਕਿਸਾਨ ਬੇਅੰਤ ਸਿੰਘ ਦੇ ਖੇਤਾਂ ਵਿੱਚੋਂ ਇਕ ਡਰੋਨ ਅਤੇ ਉਸ ਨਾਲ ਲਪੇਟੀ 500 ਗਰਾਮ ਹੈਰੋਇਨ ਬਰਾਮਦ ਕੀਤੀ ਹੈ| ਸੁਰੱਖਿਆ ਬਲਾਂ ਵੱਲੋਂ ਇਹ ਕਾਰਵਾਈ ਸ਼ਨਿਚਰਵਾਰ ਨੂੰ ਕੀਤੀ ਗਈ। ਡੀਐੱਸਪੀ (ਭਿੱਖੀਵਿੰਡ) ਪ੍ਰੀਤਇੰਦਰ ਸਿੰਘ ਨੇ ਦੱਸਿਆ ਕਿ ਨਸ਼ੀਲੇ ਪਦਾਰਥ ਤੇ ਡਰੋਨ ਸਬੰਧੀ ਖਾਲੜਾ ਪੁਲੀਸ ਨੇ ਐੱਨਡੀਪੀਐੱਸ ਐਕਟ ਅਤੇ ਏਅਰਕਰਾਫਟ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ| ਅਧਿਕਾਰੀ ਮੁਤਾਬਕ ਪੁਲੀਸ ਨੇ ਅਗਲੇਰੀ ਕਰਵਾਈ ਸ਼ੁਰੂ ਕਰ ਦਿੱਤੀ ਹੈ।