ਐੱਨਪੀ ਧਵਨ
ਪਠਾਨਕੋਟ, 6 ਸਤੰਬਰ
ਸਰਹੱਦੀ ਖੇਤਰ ਦੇ ਪਿੰਡ ਭਗਵਾਲ ਵਿੱਚ ਲੰਘੀ ਰਾਤ 10 ਵਜੇ ਲੋਕਾਂ ਨੇ ਡਰੋਨ ਦੀ ਮੂਵਮੈਂਟ ਦੇਖੀ। ਇਸ ਤੋਂ ਬਾਅਦ ਪੂਰੇ ਖੇਤਰ ਵਿੱਚ ਹਫੜਾ-ਦਫੜੀ ਮੱਚ ਗਈ। ਇਸ ਨਾਲ ਸੁਰੱਖਿਆ ਏਜੰਸੀਆਂ ਵੀ ਅਲਰਟ ਹੋ ਗਈਆਂ। ਇਸ ਦੇ ਮੱਦੇਨਜ਼ਰ ਅੱਜ ਸਵੇਰੇ ਭਾਰਤ-ਪਾਕਿ ਸਰਹੱਦ ’ਤੇ ਪੈਂਦੇ ਖੇਤਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਹਾਲਾਂਕਿ, ਕੁੱਝ ਦਿਨ ਪਹਿਲਾਂ ਸਰਹੱਦੀ ਖੇਤਰ ਵਿੱਚ ਸ਼ੱਕੀ ਵਿਅਕਤੀ ਦੇਖੇ ਜਾਣ ਦੀ ਸੂਚਨਾ ਮਿਲੀ ਸੀ ਤੇ ਹੁਣ ਡਰੋਨ ਆਉਣ ਦੀ ਗੱਲ ਕਹੀ ਜਾ ਰਹੀ ਹੈ। ਪੁਲੀਸ, ਬੀਐੱਸਐਫ ਅਤੇ ਫੌਜ ਸਵੇਰੇ ਤੋਂ ਹੀ ਤਲਾਸ਼ੀ ਮੁਹਿੰਮ ਵਿੱਚ ਜੁੱਟ ਗਈਆਂ ਪਰ ਸ਼ਾਮ ਤੱਕ ਕੁੱਝ ਵੀ ਨਹੀਂ ਮਿਲਿਆ। ਥਾਣਾ ਨਰੋਟ ਜੈਮਲ ਸਿੰਘ ਦੇ ਮੁਖੀ ਅੰਗਰੇਜ਼ ਸਿੰਘ ਨੇ ਦੱਸਿਆ ਕਿ ਪਿੰਡ ਭਗਵਾਲ ਵਿੱਚ ਡਰੋਨ ਦੀ ਸੂਚਨਾ ਮਿਲਣ ਤੋਂ ਬਾਅਦ ਤਲਾਸ਼ੀ ਮੁਹਿੰਮ ਚਲਾਈ ਗਈ। ਏਜੰਸੀਆਂ ਤੋਂ ਪਤਾ ਲੱਗਾ ਹੈ ਕਿ ਲੋਕ ਜਿਸ ਨੂੰ ਡਰੋਨ ਸਮਝ ਰਹੇ ਸਨ, ਉਹ ਹਵਾਈ ਜਹਾਜ਼ ਸੀ।