ਪੱਤਰ ਪ੍ਰੇਰਕ
ਪਠਾਨਕੋਟ, 23 ਅਕਤੂਬਰ
ਕੌਮਾਂਤਰੀ ਸਰਹੱਦ ’ਤੇ ਪੈਂਦੇ ਪਿੰਡ ਤਾਸ਼ ਅਤੇ ਪਹਾੜੀਪੁਰ ਵਿੱਚ ਬੀਐੱਸਐੱਫ ਦੀ ਚੈਕ ਪੋਸਟ ਕੋਲ ਲੰਘੀ ਰਾਤ ਬੀਐੱਸਐੱਫ ਦੇ ਜਵਾਨਾਂ ਨੇ ਡਰੋਨ ਦੀ ਹਲਚਲ ਦੇਖੀ। ਜਵਾਨਾਂ ਨੇ ਤੁਰੰਤ ਹਰਕਤ ਵਿੱਚ ਆਉਂਦੇ ਹੋਏ ਕੁੱਝ ਰਾਊਂਡ ਫਾਇਰਿੰਗ ਕੀਤੀ। ਇਸ ਨਾਲ ਡਰੋਨ ਵਾਪਸ ਪਾਕਿਸਤਾਨ ਵੱਲ ਚਲਾ ਗਿਆ। ਡਰੋਨ ਦੀ ਹਲਚਲ ਬਾਅਦ ਅੱਜ ਸਵੇਰੇ ਤੋਂ ਹੀ ਸੁਰੱਖਿਆ ਏਜੰਸੀਆਂ ਵੱਲੋਂ ਇਸ ਸਰਹੱਦੀ ਖੇਤਰ ਵਿੱਚ ਵੱਡੇ ਪੱਧਰ ’ਤੇ ਸਰਚ ਅਭਿਆਨ ਚਲਾਇਆ ਗਿਆ। ਹਾਲਾਂਕਿ ਸੁਰੱਖਿਆ ਏਜੰਸੀਆਂ ਨੂੰ ਸਰਚ ਦੌਰਾਨ ਕੁੱਝ ਨਹੀਂ ਮਿਲਿਆ ਹੈ ਪਰ ਉਥੇ ਸੈਕਿੰਡ ਲਾਈਨ ਆਫ ਡਿਫੈਂਸ ਵਿੱਚ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੂੰ ਵੀ ਚੌਕਸ ਰਹਿਣ ਲਈ ਉਚ-ਅਧਿਕਾਰੀਆਂ ਨੇ ਨਿਰਦੇਸ਼ ਜਾਰੀ ਕਰ ਦਿੱਤੇ ਹਨ। ਸੁਰੱਖਿਆ ਦੇ ਚਲਦਿਆਂ ਪੁਲੀਸ, ਬੀਐੱਸਐੱਫ ਅਤੇ ਕਮਾਂਡੋਜ਼ ਨੇ ਕਰੀਬ 3 ਘੰਟੇ ਸਰਹੱਦੀ ਖੇਤਰ ਦਾ ਚੱਪਾ-ਚੱਪਾ ਖੰਗਾਲਿਆ।