ਪੱਤਰ ਪ੍ਰੇਰਕ
ਸ੍ਰੀ ਗੋਇੰਦਵਾਲ ਸਾਹਿਬ, 20 ਮਾਰਚ
ਥਾਣਾ ਗੋਇੰਦਵਾਲ ਸਾਹਿਬ ਦੀ ਪੁਲੀਸ ਨੇ ਨਸ਼ਿਆਂ ਖ਼ਿਲਾਫ਼ ਵੱਡੀ ਕਾਰਵਾਈ ਕਰਦੇ ਹੋਏ ਇੱਕ ਨਸ਼ਾ ਤਸਕਰ ਕੋਲੋਂ 263 ਗ੍ਰਾਮ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਫੜੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਸਵਾ ਕਰੋੜ ਰੁਪਏ ਦੇ ਕਰੀਬ ਕੀਮਤ ਬਣਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੋਗਾ ਸਿੰਘ ਨੇ ਦੱਸਿਆ ਕਿ ਚੌਕੀ ਡੇਹਰਾ ਸਾਹਿਬ ਦੇ ਇੰਚਾਰਜ ਲਖਵਿੰਦਰ ਸਿੰਘ ਦੀ ਅਗਵਾਈ ਵਾਲੀ ਪੁਲੀਸ ਪਾਰਟੀ ਨੇ ਨਸ਼ਿਆਂ ਖ਼ਿਲਾਫ਼ ਸਖਤ ਕਾਰਵਾਈ ਕਰਦੇ ਹੋਏ ਪਿੰਡ ਜਾਮਾਰਾਏ ਵਿੱਚ ਗਸ਼ਤ ਦੌਰਾਨ ਇੱਕ ਨਸ਼ਾ ਤਸਕਰ ਨੂੰ 263 ਗ੍ਰਾਮ ਹੈਰੋਇਨ ਅਤੇ ਦੇਸੀ ਪਿਸਤੌਲ ਸਮੇਤ ਕਾਬੂ ਕੀਤਾ ਹੈ। ਏਐੱਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਹ ਨਸ਼ਾ ਤਸਕਰ ਪਿੰਡ ਜਾਮਾਰਾਏ ਦੀ ਫਿਰਨੀ ’ਤੇ ਪੁਲੀਸ ਪਾਰਟੀ ਨੂੰ ਆਉਂਦਾ ਦੇਖ ਕੇ ਘਬਰਾ ਗਿਆ ਅਤੇ ਵਾਪਿਸ ਮੁੜਨ ਲੱਗਾ। ਜਿਸ ਦੀ ਸ਼ੱਕ ਦੇ ਆਧਾਰ ’ਤੇ ਚੈਕਿੰਗ ਕੀਤੀ ਗਈ ਤਾਂ ਉਸ ਕੋਲੋਂ ਲਿਫਾਫ਼ੇ ਵਿੱਚ 263 ਗ੍ਰਾਮ ਹੈਰੋਇਨ ਇੱਕ ਦੇਸੀ ਪਿਸਤੌਲ ਤੋਂ ਇਲਾਵਾ ਤਿੰਨ ਜਿੰਦਾ ਕਾਰਤੂਸ ਬਰਾਮਦ ਹੋਏ। ਇਸ ਨਸ਼ਾ ਤਸਕਰ ਦੀ ਪਛਾਣ ਰਜਵੰਤ ਸਿੰਘ ਪੁੱਤਰ ਨਿਰਭੈ ਸਿੰਘ ਵਾਸੀ ਜਾਮਾਰਾਏ ਦੇ ਤੌਰ ’ਤੇ ਹੋਈ ਹੈ। ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਲਈ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।