ਐਨਪੀ ਧਵਨ
ਪਠਾਨਕੋਟ, 15 ਜੁਲਾਈ
ਭਾਰੀ ਬਾਰਸ਼ ਨਾਲ ਚੱਕੀ ਦਰਿਆ ਵਿੱਚ ਆਏ ਹੜ੍ਹ ਦੇ ਤੇਜ਼ ਬਹਾਅ ਨਾਲ ਪਠਾਨਕੋਟ ਸ਼ਹਿਰ ਤੋਂ ਸਿਵਲ ਹਵਾਈ ਅੱਡੇ ਨੂੰ ਜਾਣ ਵਾਲੀ ਸੜਕ ਅਤੇ ਇਸ ਨਾਲ ਲਗਦੀ ਮਿਲਟਰੀ ਹਸਪਤਾਲ ਦੀ ਕਰੀਬ 40 ਫੁੱਟ ਚਾਰਦੀਵਾਰੀ ਦਰਿਆ ਦੀ ਭੇਟ ਚੜ੍ਹ ਗਈ। ਇਸ ਨਾਲ ਪਠਾਨਕੋਟ ਸ਼ਹਿਰ ਤੋਂ ਸਿਵਲ ਹਵਾਈ ਅੱਡੇ ਨੂੰ ਜਾਣ ਵਾਲਾ ਰਸਤਾ ਬੰਦ ਹੋ ਗਿਆ। ਇਸ ਦੇ ਨਾਲ ਹੀ ਹਿਮਾਚਲ ਪ੍ਰਦੇਸ਼ ਦੇ ਪਿੰਡ ਮਾਜਰਾ ਦਾ ਪਠਾਨਕੋਟ ਨਾਲੋਂ ਸੰਪਰਕ ਟੁੱਟ ਗਿਆ। ਇਹ ਪਿੰਡ ਹੁਣ ਇੱਕ ਟਾਪੂ ਦੀ ਸ਼ਕਲ ਅਖ਼ਤਿਆਰ ਕਰ ਚੁੱਕਾ ਹੈ। ਪਿੰਡ ਦੀ ਆਬਾਦੀ ਪੂਰੀ ਤਰ੍ਹਾਂ ਪਿੰਡ ਵਿੱਚ ਹੀ ਘਿਰ ਕੇ ਰਹਿ ਗਈ ਹੈ। ਇਸ ਥਾਂ ਦਾ ਦੌਰਾ ਕਰਨ ’ਤੇ ਵੇਖਿਆ ਤਾਂ ਚੱਕੀ ਦਰਿਆ ਵਿੱਚ ਆਏ ਪਾਣੀ ਕਾਰਨ ਸੜਕ ਦਾ ਕਰੀਬ 40 ਫੁੱਟ ਟੋਟਾ ਅਤੇ ਮਿਲਟਰੀ ਹਸਪਤਾਲ ਦੀ ਚਾਰਦੀਵਾਰੀ ਦਰਿਆ ਵਿੱਚ ਰੁੜ੍ਹ ਗਈ। ਮਾਜਰਾ ਪਿੰਡ ਦੇ ਲੋਕਾਂ ਲਈ ਇਸ ਪਾੜ ਨੇ ਨਵੀਂ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਪਿੰਡ ਦਾ ਪਠਾਨਕੋਟ ਤੋਂ ਸੰਪਰਕ ਟੁੱਟ ਗਿਆ ਹੈ। ਜ਼ਿਕਰਯੋਗ ਹੈ ਕਿ ਮਾਜਰਾ ਪਿੰਡ ਵਿੱਚ ਜ਼ਿਆਦਾਤਰ ਗੁੱਜਰ ਬਰਾਦਰੀ ਦੇ ਲੋਕਾਂ ਦੀ ਵੱਸੋਂ ਹੈ। ਉਨ੍ਹਾਂ ਨੇ ਪਿੰਡ ਵਿੱਚ ਪਸ਼ੂ ਪਾਲ ਰੱਖੇ ਹਨ ਅਤੇ ਸਬਜ਼ੀਆਂ ਵੀ ਲਗਾਈਆਂ ਹੋਈਆਂ ਹਨ। ਉਹ ਰੋਜ਼ਾਨਾ ਸੈਂਕੜੇ ਲਿਟਰ ਦੁੱਧ ਅਤੇ ਸਬਜ਼ੀਆਂ ਪਠਾਨਕੋਟ ਲੈ ਕੇ ਆਉਂਦੇ ਹਨ। ਇਨ੍ਹਾਂ ਦੀ ਵਿਕਰੀ ਨਾਲ ਉਨ੍ਹਾਂ ਦੇ ਘਰ ਚਲਦੇ ਹਨ। ਆਪਣਾ ਗੁਜ਼ਾਰਾ ਬੰਦ ਹੋਣ ਕਾਰਨ ਉਹ ਫ਼ਿਕਰਮੰਦ ਹਨ।
ਪੰਜ ਘੰਟੇ ਪਏ ਮੀਂਹ ਨਾਲ ਅੰਮ੍ਰਿਤਸਰ ਜਲ-ਥਲ ਹੋਇਆ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਇੱਥੇ ਅੱਜ ਲਗਪਗ ਪੰਜ ਘੰਟੇ ਲਗਾਤਾਰ ਮੋਹਲੇਧਾਰ ਮੀਂਹ ਪੈਣ ਕਾਰਨ ਸ਼ਹਿਰ ਜਲ-ਥਲ ਹੋ ਗਿਆ। ਮੀਂਹ ਪੈਣ ਨਾਲ ਕਈ ਨੀਵੇਂ ਇਲਾਕਿਆਂ ਵਿਚ ਸਾਰਾ ਦਿਨ ਹੀ ਪਾਣੀ ਖੜ੍ਹਾ ਰਿਹਾ। ਮੌਸਮ ਵਿਭਾਗ ਵੱਲੋਂ ਪਹਿਲਾਂ ਹੀ ਭਾਰੀ ਮੀਂਹ ਸਬੰਧੀ ਚਿਤਾਵਨੀ ਜਾਰੀ ਕੀਤੀ ਗਈ ਸੀ। ਇਸ ਚਿਤਾਵਨੀ ਦੇ ਮੁਤਾਬਕ ਅੱਜ ਸਵੇਰੇ ਹੀ ਕਾਲੇ ਸੰਘਣੇ ਬੱਦਲ ਆ ਗਏ ਸਨ ਅਤੇ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ ਜੋ ਕਿ ਦੁਪਹਿਰ ਤਕ ਜਾਰੀ ਰਿਹਾ। ਮੌਸਮ ਵਿਭਾਗ ਵੱਲੋਂ ਅੱਜ ਮਾਝੇ ਦੇ ਜ਼ਿਲ੍ਹਿਆਂ ਵਿਚ ਭਾਰੀ ਮੀਂਹ ਪੈਣ ਦੀ ਚਿਤਾਵਨੀ ਦਿੱਤੀ ਗਈ ਸੀ। ਮੋਹਲੇਧਾਰ ਮੀਂਹ ਕਾਰਨ ਹੈਰੀਟੇਜ ਸਟਰੀਟ ਵਿਚ ਵੀ ਪਾਣੀ ਇਕੱਠਾ ਹੋ ਗਿਆ ਸੀ। ਇਸ ਕਾਰਨ ਸ੍ਰੀ ਦਰਬਾਰ ਸਾਹਿਬ ਆਉਣ ਜਾਣ ਵਾਲੇ ਸ਼ਰਧਾਲੂਆਂ ਨੂੰ ਵੀ ਮੁਸ਼ਕਿਲ ਪੇਸ਼ ਆਈ। ਇਸੇ ਤਰ੍ਹਾਂ ਸ਼ਹਿਰ ਦੇ ਕਈ ਹੋਰ ਇਲਾਕਿਆਂ ਵਿਚ ਸੀਵਰੇਜ ਪ੍ਰਣਾਲੀ ਠੱਪ ਹੋਣ ਕਾਰਨ ਨੀਵੇਂ ਇਲਾਕਿਆਂ ਵਿਚ ਪਾਣੀ ਭਰ ਗਿਆ ਅਤੇ ਕਈ ਇਲਾਕਿਆ ਵਿੱਚ ਤਾਂ ਸ਼ਾਮ ਤਕ ਪਾਣੀ ਖੜ੍ਹਾ ਰਿਹਾ। ਇਸ ਕਾਰਨ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ। ਇਸ ਦੌਰਾਨ ਨਗਰ ਨਿਗਮ ਵੱਲੋਂ ਸ਼ਹਿਰ ਵਿਚ ਕਈ ਪੁਰਾਣੀਆਂ ਇਮਾਰਤ ਅਸੁਰੱਖਿਅਤ ਕਰਾਰ ਦਿੱਤੀਆਂ ਗਈਆਂ ਹਨ ਪਰ ਅੱਜ ਇੱਥੇ ਸ਼ਹਿਰ ਵਿਚ ਭਾਰੀ ਮੀਂਹ ਦੇ ਬਾਵਜੂਦ ਸਭ ਸੁਰੱਖਿਅਤ ਰਿਹਾ ਅਤੇ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ। ਮੌਸਮ ਵਿਭਾਗ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਸਵੇਰੇ 8.30 ਤੋਂ ਬਾਅਦ ਸ਼ਾਮ 5.30 ਵਜੇ ਤਕ ਲਗਪਗ 19.5 ਐਮਐਮ ਮੀਂਹ ਦਰਜ ਕੀਤਾ ਗਿਆ। ਇਸ ਨਾਲ ਤਾਪਮਾਨ ਵੀ ਹੇਠਾਂ ਆਇਆ ਅਤੇ ਅੱਜ ਘੱਟੋ ਘੱਟ ਤਾਪਮਾਨ 26 ਡਿਗਰੀ ਅਤੇ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਅੱਜ ਤੇਜ਼ ਹਵਾਵਾਂ ਵੀ ਚਲਦੀਆਂ ਰਹੀਆਂ ਹਨ।
ਪਿੰਡ ਬਿੱਲਿਆਂ ਵਾਲਾ ਨੇੜੇ ਨਖਾਸੂ ਨਹਿਰ ਟੁੱਟਣ ਕਾਰਨ ਤਿੰਨ ਸੌ ਏਕੜ ਜਮੀਨ ਚ ਭਰਿਆ ਪਾਣੀ
ਚੋਹਲਾ ਸਾਹਿਬ (ਪੱਤਰ ਪ੍ਰੇਰਕ): ਮੋਹਲੇਧਾਰ ਮੀਂਹ ਤੋਂ ਬਾਅਦ ਪਿੰਡ ਬਿਲਿਆਂਵਾਲਾ ਨੇੜੇ ਛੋਟੀ ਨਹਿਰ ਟੁੱਟ ਗਈ। ਇਸ ਕਾਰਨ ਪਿੰਡ ਬਿਲਿਆਂਵਾਲਾ, ਸਰਹਾਲੀ, ਚੋਹਲਾ ਸਾਹਿਬ, ਖਾਰਾ ਦੀ ਕਰੀਬ 300 ਏਕੜ ਜ਼ਮੀਨ ਪਾਣੀ ਵਿੱਚ ਡੁੱਬ ਗਈ ਤੇ ਫ਼ਸਲਾਂ ਨੁਕਸਾਨੀਆਂ ਗਈਆਂ। ਬਿਲਿਆਂਵਾਲਾ ਦੇ ਵਸਨੀਕ ਕਿਸਾਨ ਜਗਜੀਤ ਸਿੰਘ, ਜਰਨੈਲ ਸਿੰਘ, ਬਲਜੀਤ ਸਿੰਘ, ਹਰਦੇਵ ਸਿੰਘ ਨੇ ਦੱਸਿਆ ਕਿ ਲਗਾਤਾਰ ਚਾਰ ਸਾਲਾਂ ਤੋਂ ਇਸ ਇਲਾਕੇ ਵਿੱਚੋਂ ਨਹਿਰ ਟੁੱਟਦੀ ਹੈ। ਇਸ ਕਾਰਨ ਹਰੇ ਚਾਰੇ, ਝੋਨਾ ਅਤੇ ਸਬਜ਼ੀਆਂ ਦਾ ਨੁਕਸਾਨ ਹੋਇਆ ਹੈ। ਜਗਜੀਤ ਸਿੰਘ ਨੇ ਦੱਸਿਆ ਕਿ ਮੀਂਹ ਤੋਂ ਪਹਿਲਾਂ ਪਿੰਡ ਵਾਸੀਆਂ ਨੇ ਐੱਸਡੀਐੱਮ ਨੂੰ ਇਸ ਸਬੰਧੀ ਅਗਾਊਂ ਪ੍ਰਬੰਧਾਂ ਲਈ ਮੰਗ ਪੱਤਰ ਦਿੱਤਾ ਸੀ ਪਰ ਕੋਈ ਸੁਣਵਾਈ ਨਹੀਂ ਹੋਈ। ਸ਼ੁੱਕਰਵਾਰ ਸਵੇਰੇ ਨਹਿਰ ਦਾ ਕਿਨਾਰਾ ਟੁੱਟ ਗਿਆ। ਪੱਟੀ ਦੇ ਐੱਸਡੀਐੱਮ ਰਾਜੇਸ਼ ਸ਼ਰਮਾ ਨੇ ਦੱਸਿਆ ਕਿ ਨਹਿਰੀ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ ’ਤੇ ਬੁਲਾ ਕੇ ਰਸੂਲਪੁਰ ਸਥਿਤ ਘਰਾਟ ਤੋਂ ਪਾਣੀ ਦੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜੇ ਲੋੜ ਪਈ ਤਾਂ ਮਾਲ ਵਿਭਾਗ ਦੇ ਅਧਿਕਾਰੀ ਵੀ ਇਲਾਕੇ ਦੀ ਗਿਰਦਾਵਰੀ ਕਰਵਾਉਣ ਲਈ ਭੇਜੇ ਜਾਣਗੇ।
ਭਾਰੀ ਬਾਰਸ਼ ਨੇ ਆਮ-ਜਨਜੀਵਨ ਤੇ ਅਸਰ ਪਾਇਆ
ਤਰਨ ਤਾਰਨ (ਗੁਰਬਖਸ਼ਪੁਰੀ): ਇਲਾਕੇ ਵਿੱਚ ਕੱਲ੍ਹ ਤੋਂ ਹੋ ਬਾਰਸ਼ ਨੇ ਅੱਜ ਆਮ ਜਨ ਜੀਵਨ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ| ਬਾਰਸ਼ ਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕਾਂ ਦਾ ਘਰੋਂ ਨਿਕਲਣਾ ਔਖਾ ਹੋ ਗਿਆ| ਨਗਰ ਕੌਂਸਲ ਦੇ ਕਾਰਜਸਾਧਕ ਅਧਿਕਾਰੀ ਧਰਮਪਾਲ ਸਿੰਘ ਨੇ ਦੱਸਿਆ ਕਿ ਸ਼ਹਿਰ ਅੰਦਰ ਬਰਸਾਤੀ ਪਾਣੀ ਦੇ ਨਿਕਾਸੀ ਲਈ ਲੱਗੇ ਨੌਂ ਅਤੇ ਚਾਰ ਐਮਐਲਡੀ ਦੇ ਦੋ ਸੀਵਰੇਜ ਟਰੀਟਮੈਂਟ ਪਲਾਟ (ਐਸਟੀਪੀ) ਕਾਫ਼ੀ ਸਮੇਂ ਤੋਂ ਕੰਮ ਨਹੀਂ ਕਰ ਰਹੇ। ਇਸ ਕਰ ਕੇ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਸ਼ਹਿਰ ਵਿੱਚ ਸਿਵਲ ਹਸਪਤਾਲ, ਐੱਸਡੀਐੱਮ ਅਦਾਲਤੀ ਕੰਪਲੈਕਸ, ਵਿਧਾਇਕ ਡਾ. ਕਸ਼ਮੀਰ ਸਿੰਘ ਸੋਹਲ ਦੇ ਸਰਕਾਰੀ ਦਫ਼ਤਰ ਦੇ ਅੰਦਰ ਅਤੇ ਦਫ਼ਤਰ ਨੂੰ ਜਾਂਦੀ ਸੜਕ ਆਦਿ ਥਾਵਾਂ ’ਤੇ ਗੋਡੇ-ਗੋਡੇ ਪਾਣੀ ਖੜ੍ਹ ਗਿਆ ਹੈ| ਸਕੂਲਾਂ ਵਿੱਚ ਬੱਚਿਆਂ ਦੀ ਹਾਜ਼ਰੀ ਘੱਟ ਰਹੀ। ਪਿੰਡਾਂ ਤੋਂ ਸ਼ਹਿਰ ਨੂੰ ਪਸ਼ੂਆਂ ਲਈ ਹਰਾ ਤੇ ਸੁੱਕਾ ਚਾਰਾ, ਦੁੱਧ, ਸਬਜ਼ੀਆਂ ਆਦਿ ਘੱਟ ਮਾਤਰਾ ਵਿੱਚ ਆਉਣ ਕਾਰਨ ਵੀ ਪ੍ਰੇਸ਼ਾਨੀ ਹੋਈ। ਇਸ ਕਾਰਨ ਬਾਜ਼ਾਰ ਵਿੱਚ ਸਬਜ਼ੀਆਂ ਦੇ ਭਾਅ ਵਿੱਚ ਵੱਡਾ ਵਾਧਾ ਹੋਇਆ ਹੈ। ਕਸਬਾ ਝਬਾਲ ਦੇ ਚਾਰ-ਚੁਫੇਰੇ ਵੀ ਬਾਰਸ਼ ਦਾ ਪਾਣੀ ਖੜ੍ਹਾ ਹੈ| ਭਾਵੇਂ ਇਹ ਬਾਰਸ਼ ਕਿਸਾਨਾਂ ਲਈ ਲਾਹੇਵੰਦ ਸਾਬਤ ਹੋ ਰਹੀ ਹੈ ਪਰ ਹਰਾ-ਚਾਰ ਪ੍ਰਭਾਵਿਤ ਹੋਣ ਕਾਰਨ ਦੁੱਧ ਪੈਦਾਵਾਰ ’ਤੇ ਮਾੜਾ ਅਸਰ ਪੈਣ ਦੀ ਸੰਭਾਵਨਾ ਹੈ।