ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 26 ਨਵੰਬਰ
ਇੱਥੇ ਪੁਲੀਸ ਅਤੇ ਨਿਹੰਗ ਸਿੰਘਾਂ ਦਰਮਿਆਨ ਮਾਹੌਲ ਉਸ ਸਮੇਂ ਤਣਾਅ ਵਾਲਾ ਬਣ ਗਿਆ ਜਦੋਂ ਪੁਲੀਸ ਵੱਲੋਂ ਨਿਹੰਗ ਸਿੰਘਾਂ ਨੂੰ ਗਊਆਂ ਸੁਲਤਾਨਪੁਰ ਲੋਧੀ ਲਿਜਾਣ ਤੋਂ ਰੋਕਿਆ ਗਿਆ। ਐੱਸਪੀ ਬਲਜੀਤ ਸਿੰਘ ਦੀ ਅਗਵਾਈ ਵਿੱਚ ਡੀਐੱਸਪੀ ਜਸਪ੍ਰੀਤ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀ ਪੁਲੀਸ ਫੋਰਸ ਵੱਲੋਂ ਗੋਇੰਦਵਾਲ ਸਾਹਿਬ ਦੇ ਥਰਮਲ ਪਲਾਂਟ ਵਿਖੇ ਰੁਕੇ ਨਿਹੰਗ ਸਿੰਘਾਂ ਨੂੰ ਸੁਲਤਾਨਪੁਰ ਜਾਣ ਤੋਂ ਰੋਕਣ ਦਾ ਯਤਨ ਕੀਤਾ ਗਿਆ ਜੋ ਅਸਫ਼ਲ ਰਿਹਾ ਜਿਸ ਤੋਂ ਬਾਅਦ ਨਿਹੰਗ ਸਿੰਘਾਂ ਵੱਲੋਂ ਬਾਅਦ ਦੁਪਹਿਰ ਗਾਵਾਂ ਦੇ ਕਾਫ਼ਲੇ ਨੂੰ ਸੁਲਤਾਨਪੁਰ ਲੋਧੀ ਵੱਲ ਤੋਰ ਦਿੱਤਾ ਗਿਆ।
ਪੁਲੀਸ ਵੱਲੋਂ ਸੁਲਤਾਨਪੁਰ ਲੋਧੀ ਵਿੱਚ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਸਬੰਧੀ ਹੋਣ ਵਾਲੇ ਧਾਰਮਿਕ ਸਮਾਗਮਾਂ ਦੌਰਾਨ ਸੰਗਤ ਦੀ ਆਮਦ ਦੇ ਮੱਦੇਨਜ਼ਰ ਨਿਹੰਗ ਸਿੰਘਾਂ ਨੂੰ ਗੁਰਪੁਰਬ ਮੌਕੇ ਗਾਵਾਂ ਲਿਜਾਣ ਤੋਂ ਰੋਕਿਆ ਗਿਆ ਸੀ ਪਰ ਪੁਲੀਸ ਅਧਿਕਾਰੀਆਂ ਦੀ ਨਿਹੰਗ ਸਿੰਘਾਂ ਨਾਲ ਗੱਲਬਾਤ ਵਿਅਰਥ ਰਹੀ ਜਿਸ ਤੋਂ ਬਾਅਦ ਪੁਲੀਸ ਵੱਲੋਂ ਗਾਵਾਂ ਨੂੰ ਰੋਕਣ ਲਈ ਭਾਰੀ ਪੁਲੀਸ ਬਲ ਤਾਇਨਾਤ ਕਰ ਕੇ ਨਿਹੰਗ ਸਿੰਘਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਜੋ ਵਿਅਰਥ ਰਹੀ। ਇਸ ਦੌਰਾਨ ਕੁਝ ਪੁਲੀਸ ਮੁਲਾਜ਼ਮਾਂ ਅਤੇ ਨਿਹੰਗ ਸਿੰਘਾਂ ਮਾੜੀ ਮੋਟੀ ਤਕਰਾਰ ਵੀ ਹੋਈ ਜਿਸ ਦੌਰਾਨ ਪੁਲੀਸ ਨੇ ਨਿਹੰਗ ਸਿੰਘ ਵੱਲੋਂ ਪੁਲੀਸ ਮੁਲਾਜ਼ਮਾਂ ਦੀ ਕਥਿਤ ਕੁੱਟਮਾਰ ਅਤੇ ਸੱਟਾਂ ਮਾਰਨ ਸਬੰਧੀ ਬਾਬਾ ਭਰਥ ਸਮੇਤ 50 ਵਿਅਕਤੀਆਂ ਉਪਰ ਕੇਸ ਦਰਜ ਕਰ ਲਿਆ ਹੈ। ਸਬ ਇੰਸਪੈਕਟਰ ਸਰਦੂਲ ਸਿੰਘ ਨੇ ਦੱਸਿਆ ਕਿ ਇਸ ਦੌਰਾਨ ਏਐੱਸਆਈ ਸੁਖਦੇਵ ਸਿੰਘ ਅਤੇ ਹੈੱਡ ਕਾਂਸਟੇਬਲ ਚਰਨਜੀਤ ਸਿੰਘ ਜ਼ਖ਼ਮੀ ਹੋ ਗਏ। ਮੌਕੇ ਦੀ ਨਜ਼ਾਕਤ ਦੇਖਦਿਆਂ ਦੇਰ ਸ਼ਾਮ ਐੱਸਐੱਸਪੀ ਧਰੁਮਨ ਐਚ ਨਿੰਬਾਲੇ ਵੀ ਮੌਕੇ ’ਤੇ ਪਹੁੰਚੇ ਜਿਨ੍ਹਾਂ ਸਥਿਤੀ ਦਾ ਜਾਇਜ਼ਾ ਲਿਆ ਪਰ ਉਦੋਂ ਤੱਕ ਨਿਹੰਗ ਸਿੰਘ ਗਾਵਾਂ ਸਮੇਤ ਸੁਲਤਾਨਪੁਰ ਲੋਧੀ ਨੂੰ ਰਵਾਨਾ ਹੋ ਚੁੱਕੇ ਸਨ।
ਬਾਹਰ ਡੇਰਾ ਲਗਾਉਣ ਦਾ ਭਰੋਸਾ ਦਿਵਾਇਆ
ਸੁਲਤਾਨਪੁਰ ਲੋਧੀ (ਦੇਸ ਰਾਜ): ਗੁਰੂ ਨਾਨਕ ਦੇਵ ਦੇ 551ਵੇਂ ਪ੍ਰਕਾਸ਼ ਪੁਰਬ ’ਤੇ ਨਤਮਸਤਕ ਹੋਣ ਲਈ ਨਿਹੰਗ ਸਿੰਘ ਆਪਣੀਆਂ ਗਾਵਾਂ, ਮੱਝਾਂ ਸਮੇਤ ਗੁਰਦੁਆਰਾ ਬੇਰ ਸਾਹਿਬ ਪਹੁੰਚਣ ਲਈ ਬਾਬਾ ਗੱਜਣ ਸਿੰਘ ਦੀ ਅਗਵਾਈ ਵਿੱਚ ਆਪਣੇ ਜਥੇ ਸਮੇਤ ਆ ਰਹੇ ਸਨ ਤਾਂ ਬੀਤੀ ਰਾਤ ਨਗਰ ਤਲਵੰਡੀ ਚੌਧਰੀਆਂ ’ਚ ਜ਼ਿਲ੍ਹਾ ਪੁਲੀਸ ਨੇ ਸਫ਼ਾਈ ਅਤੇ ਟਰੈਫਿਕ ਪ੍ਰਬੰਧਾਂ ਦਾ ਹਵਾਲਾ ਦੇ ਕੇ ਅੱਗੇ ਜਾਣ ਤੋਂ ਰੋਕ ਦਿੱਤਾ ਜਿਸ ਤੋਂ ਬਾਅਦ ਉਨ੍ਹਾਂ ਤਲਵੰਡੀ ਚੌਧਰੀਆਂ ਹੀ ਡੇਰੇ ਲਾ ਦਿੱਤੇ ਅਤੇ ਗਾਵਾਂ, ਮੱਝਾਂ ਲਾਲਾਂ ਵਾਲਾ ਪੀਰ ਸਟੇਡੀਅਮ ਵਿਚ ਡੱਕ ਦਿੱਤੀਆਂ ਗਈਆਂ। ਇਸ ਦੌਰਾਨ ਕਿਸਾਨਾਂ ਤੇ ਮਜ਼ਦੂਰਾਂ ਨੇ ਤਲਵੰਡੀ ਚੌਧਰੀਆਂ ਬੱਸ ਅੱਡੇ ਦੇ ਨੇੜੇ ਧਰਨਾ ਲਾ ਦਿੱਤਾ। ਵਿਧਾਇਕ ਨਵਤੇਜ ਸਿੰਘ ਚੀਮਾ ਦੀ ਅਗਵਾਈ ਵਿੱਚ ਡੀਸੀ ਦੀਪਤੀ ਉੱਪਲ, ਐੱਸਐੱਸਪੀ ਕੰਵਰਦੀਪ ਕੌਰ, ਐੱਸਡੀਐੱਮ ਡਾ. ਚਾਰੂਮਿਤਾ ਅਤੇ ਡੀਐੱਸਪੀ ਸਰਵਣ ਸਿੰਘ ਬੱਲ ਅਤੇ ਹੋਰ ਅਧਿਕਾਰੀ ਮੌਕੇ ’ਤੇ ਪੁੱਜੇ। ਉਨ੍ਹਾਂ ਨਿਹੰਗ ਮੁਖੀ ਬਾਬਾ ਗੱਜਣ ਸਿੰਘ ਨਾਲ ਗੱਲਬਾਤ ਕਰ ਕੇ ਸਮੱਸਿਆ ਦਾ ਹੱਲ ਕਰਨ ਦਾ ਵਿਸ਼ਵਾਸ ਦੁਆਇਆ। ਕਾਂਗਰਸ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਨਿਹੰਗ ਮੁਖੀ ਬਾਬਾ ਗੱਜਣ ਸਿੰਘ ਨੇ ਆਪਣੀਆਂ ਗਾਵਾਂ, ਮੱਝਾਂ ਆਦਿ ਨੂੰ ਸੁਲਤਾਨਪੁਰ ਲੋਧੀ ਵਿੱਚ ਲਿਜਾਣ ਦੀ ਬਜਾਇ ਕਿਤੇ ਬਾਹਰ ਡੇਰਾ ਲਗਾਉਣ ਦਾ ਭਰੋਸਾ ਦਿਵਾਇਆ ਹੈ।