ਐਨ.ਪੀ.ਧਵਨ
ਪਠਾਨਕੋਟ, 24 ਜੁਲਾਈ
ਰਣਜੀਤ ਸਾਗਰ ਡੈਮ ਦੀ ਸ਼ਾਹਪੁਰਕੰਢੀ ਟਾਊਨਸ਼ਿਪ ਕਲੋਨੀ ਦੇ ਟੀ-2 ਬਲਾਕ ਦੇ ਸਰਕਾਰੀ ਰਿਹਾਇਸ਼ੀ ਮਕਾਨਾਂ ਦੇ ਬਾਹਰ ਪਿਛਲੇ ਲੱਗਭੱਗ 15 ਦਿਨਾਂ ਤੋਂ ਸੀਵਰੇਜ ਦਾ ਗੰਦਾ ਪਾਣੀ ਓਵਰਫਲੋਅ ਹੋ ਕੇ ਗਲੀਆਂ ਵਿੱਚ ਖੜ੍ਹਾ ਹੋ ਗਿਆ ਹੈ। ਇਸ ਕਾਰਨ ਇਨ੍ਹਾਂ ਮਕਾਨਾਂ ਵਿੱਚ ਰਹਿਣ ਵਾਲੇ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣ ’ਚ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ।
ਇਨ੍ਹਾਂ ਮਕਾਨਾਂ ਅੰਦਰ ਰਹਿ ਰਹੇ ਵਾਸੀਆਂ ਅਜੇ ਕੁਮਾਰ, ਹਰੀਸ਼ ਕੁਮਾਰ, ਜਤਿਨ ਕੁਮਾਰ, ਨਿਸ਼ਾ ਦੇਵੀ, ਲਕਸ਼ਮੀ ਰਾਣੀ ਤੇ ਸ਼ਾਲੂ ਦੇਵੀ ਆਦਿ ਨੇ ਦੱਸਿਆ ਕਿ ਉਨ੍ਹਾਂ ਦੇ ਬਲਾਕ ਵਿੱਚ ਸੀਵਰੇਜ ਰੁਕਿਆ ਹੋਣ ਕਾਰਨ ਪਿਛਲੇ ਲੱਗਭੱਗ 15 ਦਿਨਾਂ ਵਿੱਚ ਗੰਦਾ ਪਾਣੀ ਅਤੇ ਗੰਦਗੀ ਸੀਵਰੇਜ ਦੇ ਢੱਕਣਾਂ ਤੋਂ ਬਾਹਰ ਨਿਕਲ ਕੇ ਗਲੀਆਂ ਅਤੇ ਸੜਕਾਂ ਤੱਕ ਆ ਗਈ ਹੈ। ਇਸ ਨਾਲ ਪੂਰਾ ਦਿਨ ਬਦਬੂ ਆਉਂਦੀ ਰਹਿੰਦੀ ਹੈ। ਉਨ੍ਹਾਂ ਇਸ ਸਮੱਸਿਆ ਬਾਰੇ ਸ਼ਿਕਾਇਤ ਸਬੰਧਤ ਅਧਿਕਾਰੀਆਂ ਨੂੰ ਕੀਤੀ ਹੋਈ ਹੈ ਪਰ ਅਜੇ ਤੱਕ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਲਦੀ ਹੀ ਰੁਕੇ ਹੋਏ ਸੀਵਰ ਨੂੰ ਚਾਲੂ ਨਾ ਕੀਤਾ ਗਿਆ ਤਾਂ ਉਹ ਮਜਬੂਰ ਹੋ ਕੇ ਡੈਮ ਦੇ ਚੀਫ ਇੰਜਨੀਅਰ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਟਾਊਨਸ਼ਿਪ ਮੰਡਲ ਦੇ ਐਕਸੀਅਨ ਪ੍ਰੇਮ ਸਾਗਰ ਸ਼ਰਮਾ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਸੀਵਰੇਜ ਦੇ ਰੁਕੇ ਹੋਣ ਬਾਰੇ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ ਅਤੇ ਜੇਕਰ ਸੀਵਰੇਜ ਰੁਕਿਆ ਹੋਇਆ ਹੈ ਤਾਂ ਜਲਦੀ ਹੀ ਇਸ ਸਮੱਸਿਆ ਦਾ ਹੱਲ ਕਰ ਦਿੱਤਾ ਜਾਵੇਗਾ।