ਐਨ.ਪੀ. ਧਵਨ
ਪਠਾਨਕੋਟ, 24 ਅਗਸਤ
ਅੱਜ ਇਥੇ ਤੂੜੀ ਵਾਲੇ ਚੌਕ ਕੋਲ ਸਥਿਤ ਕੂੜੇ ਦੇ ਡੰਪ ਵਿੱਚ ਕਚਰੇ ਨੂੰ ਚੁੱਕਣ ਵੇੇਲੇ ਇੱਕ ਬੰਬਨੁਮਾ ਵਸਤੂ ਮਿਲਣ ਨਾਲ ਅਫਰਾ-ਤਫਰੀ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਸਾਰ ਥਾਣਾ ਡਵੀਜ਼ਨ ਨੰਬਰ 2 ਦੇ ਮੁਖੀ ਅਤੇ ਡੀਐਸਪੀ ਸਿਟੀ ਲਖਵਿੰਦਰ ਸਿੰਘ ਮੌਕੇ ’ਤੇ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਬਾਅਦ ਵਿੱਚ ਫੌਜ ਦੇ ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਮੌਕੇ ’ਤੇ ਸੱਦ ਕੇ ਬੰਬ ਟੀਮ ਦੇ ਹਵਾਲੇ ਕੀਤਾ ਗਿਆ। ਡੀਐਸਪੀ ਸਿਟੀ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਸੂਚਨਾ ਮਿਲੀ ਸੀ ਕਿ ਕੂੜੇ ਦੇ ਡੰਪ ਵਿੱਚੋਂ ਬੰਬਨੁਮਾ ਵਸਤੂ ਮਿਲੀ ਹੈ। ਜਿਸ ’ਤੇ ਉਹ ਇਥੇ ਪੁੱਜੇ ਅਤੇ ਬੰਬ ਦੇ ਆਲੇ-ਦੁਆਲੇ ਪੱਥਰ ਵਗੈਰਾ ਲਗਾ ਕੇ ਟ੍ਰੈਫਿਕ ਨੂੰ ਦੂਜੇ ਪਾਸੇ ਤੋਂ ਬਹਾਲ ਕੀਤਾ। ਉਨ੍ਹਾਂ ਕਿਹਾ ਕਿ ਫਿਰ ਫੌਜ ਦੇ 21 ਸਬ-ਏਰੀਆ ਹੈਡਕੁਆਰਟਰ ਦੇ ਅਧਿਕਾਰੀਆਂ ਨਾਲ ਇਸ ਸੂਚਨਾ ਨੂੰ ਸਾਂਝਾ ਕੀਤਾ ਗਿਆ ਅਤੇ ਅਧਿਕਾਰੀਆਂ ਨੇ ਉਚੀ ਬੱਸੀ ਤੋਂ 18 ਐਫਡੀ ਦੀ ਆਈਡੀ ਡਿਸਪੋਜ਼ਲ ਟੀਮ ਨੂੰ ਬੰਬ ਨਸ਼ਟ ਕਰਨ ਲਈ ਭੇਜ ਦਿੱਤਾ। ਇੱਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਦੱਸਿਆ ਕਿ ਇਹ ਬੰਬ 30-40 ਸਾਲ ਪੁਰਾਣਾ ਜਾਪਦਾ ਹੈ ਅਤੇ ਕੂੜੇ ਨੂੰ ਕੁਰੇਦਨ ਸਮੇਂ ਦੱਬੇ ਹੋਏ ਢੇਰ ਵਿੱਚੋਂ ਇਹ ਸਾਹਮਣੇ ਆ ਗਿਆ। ਬੰਬ ਨੂੰ ਨਸ਼ਟ ਕਰਨ ਵਾਲੀ ਟੀਮ ਦੇ ਸੈਨਾ ਅਧਿਕਾਰੀ ਨੇ ਦੱਸਿਆ ਕਿ ਡਰਨ ਵਾਲੀ ਕੋਈ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਇਹ ਬੜਾ ਪੁਰਾਣਾ ਅਤੇ ਜੰਗਾਲ ਲੱਗਿਆ ਹੋਇਆ ਜਾਪਦਾ ਹੈ।