ਸਿਮਰਤਪਾਲ ਬੇਦੀ
ਜੰਡਿਆਲਾ ਗੁਰੂ, 10 ਨਵੰਬਰ
ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ਅੰਮ੍ਰਿਤਸਰ-ਜਲੰਧਰ ਰੇਲ ਮਾਰਗ ਉੱਤੇ ਸਥਿਤ ਹੈ। ਦਾਦਰ ਐਕਸਪ੍ਰੈੱਸ, ਟਾਟਾ ਮੁਰੀ, ਕਟਿਹਾਰ ਐਕਸਪ੍ਰੈੱਸ ਅਤੇ ਛੱਤੀਸਗੜ੍ਹ ਐਕਸਪ੍ਰੈੱਸ ਵਰਗੀਆਂ ਲੰਬੀ ਦੂਰੀ ਦੀਆਂ ਰੇਲਗੱਡੀਆਂ ਇੱਥੇ ਰੁਕਦੀਆਂ ਹਨ। ਇਸ ਰੇਲਵੇ ਸਟੇਸ਼ਨ ਦਾ ਪਲੇਟਫਾਰਮ ਬਹੁਤ ਛੋਟਾ ਹੋਣ ਕਾਰਨ ਲੰਬੀਆਂ ਗੱਡੀਆਂ ਦੇ ਸਿਰਫ ਤਿੰਨ ਚਾਰ ਕੋਚ ਹੀ ਪਲੇਟਫਾਰਮ ਉੱਪਰ ਰੋਕਣ ਲਈ ਜਗ੍ਹਾ ਮਿਲਦੀ ਹੈ ਜਿਸ ਕਾਰਨ ਸਵਾਰੀਆਂ ਨੂੰ ਸਾਮਾਨ ਅਤੇ ਛੋਟੇ ਬੱਚਿਆਂ ਨੂੰ ਲੈ ਕੇ ਡੱਬਿਆਂ ਵਿੱਚ ਚੜ੍ਹਨ ਵਿੱਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਸਵਾਰੀਆਂ ਨੇ ਕਿਹਾ ਕਿ 18237 ਅਪ ਅਤੇ 18238 ਡਾਊਨ ਟਰੇਨ ਵਿੱਚ ਕੁੱਲ 23 ਡੱਬੇ ਹਨ। ਇਹ ਰੇਲਗੱਡੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ 2 ਮਿੰਟ ਤੱਕ ਰੁਕਦੀ ਹੈ। ਜਦੋਂ ਰੇਲਗੱਡੀ ਜੰਡਿਆਲਾ ਗੁਰੂ ਰੇਲਵੇ ਸਟੇਸ਼ਨ ’ਤੇ ਰੁਕਦੀ ਹੈ ਤਾਂ 23 ਡੱਬਿਆਂ ਵਾਲੀ ਰੇਲਗੱਡੀ ਲੰਬੀ ਦੂਰੀ ਦੇ ਕਾਰਨ ਪਲੇਟਫਾਰਮ ਤੋਂ ਬਹੁਤ ਅੱਗੇ ਚਲੀ ਜਾਂਦੀ ਹੈ ਜਿਸ ਕਾਰਨ ਇਸ ਰੇਲਗੱਡੀ ਦਾ ਸਿਰਫ਼ ਇੱਕ ਸਲੀਪਰ, 2 ਜਨਰਲ ਅਤੇ ਇੱਕ ਐੱਸਐੱਲਆਰ ਕੋਚ ਪਲੇਟਫਾਰਮ ’ਤੇ ਖੜ੍ਹਾ ਹੁੰਦਾ ਹੈ। ਬਾਕੀ ਕੋਚ ਉੱਥੇ ਰੁਕਦੇ ਹਨ ਜਿੱਥੇ ਸਿਰਫ਼ ਪਲੇਟਫਾਰਮ ਹੀ ਨਹੀਂ ਬਲਕਿ ਰੇਲਵੇ ਲਾਈਨ ਵੀ ਹੁੰਦੀ ਹੈ। ਇਸ ਕਾਰਨ ਬੱਸਾਂ ਅਤੇ ਆਟੋ ਰਿਕਸ਼ਾ ਚਾਲਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਾਮਾਨ ਅਤੇ ਬੱਚਿਆਂ ਦੇ ਨਾਲ ਪਲੇਟਫਾਰਮ ਤੋਂ ਬਿਨਾਂ ਰੇਲ ਡੱਬੇ ਵਿੱਚ ਚੜ੍ਹਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ।
ਸਮੱਸਿਆ ਜਲਦ ਦੂਰ ਕਰਾਂਗੇ: ਅਧਿਕਾਰੀ
ਰੇਲਵੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਟੇਸ਼ਨ ਦਾ ਮੁੜ ਨਿਰਮਾਣ ਕੀਤਾ ਜਾ ਰਿਹਾ ਹੈ। ਜਲਦੀ ਹੀ ਇਸ ਸਮੱਸਿਆ ਨੂੰ ਦੂਰ ਕੀਤਾ ਜਾਵੇਗਾ।