ਸੁਖਦੇਵ ਸਿੰਘ ਸੁੱਖ
ਅਜਨਾਲਾ, 2 ਸਤੰਬਰ
‘ਭਾਰਤ ਮਾਲਾ ਪ੍ਰਾਜੈਕਟ’ ਅਧੀਨ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਤੋਂ ਸ਼ੁਰੂ ਕਰ ਕੇ ਵਾਇਆ ਅਜਨਾਲਾ ਤੋਂ ਕਸਬਾ ਰਮਦਾਸ ਤੱਕ ਬਣਨ ਵਾਲੇ ਚਹੁੰ ਮਾਰਗੀ ਸੜਕ ਦਾ ਕੰਮ ਢਿੱਲੀ ਰਫ਼ਤਾਰ ਨਾਲ ਚੱਲਣ ਕਾਰਨ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਣਯੋਗ ਹੈ ਕਿ 35 ਕਿਲੋਮੀਟਰ ਬਣਨ ਵਾਲੇ ਇਸ ਚਹੁੰ ਮਾਰਗੀ ਸੜਕ ਦਾ ਵੱਖ-ਵੱਖ ਕੰਪਨੀਆਂ ਵੱਲੋਂ ਠੇਕਾ ਲੈ ਕੇ ਇਸ ਕੰਮ ਨੂੰ ਅਕਤੂਬਰ 2023 ਤੱਕ ਖਤਮ ਕਰਨ ਦਾ ਸਮਾਂ ਲਿਆ ਗਿਆ ਸੀ, ਜਿਸ ਕਾਰਨ ਕੰਮ ਢਿੱਲੀ ਰਫ਼ਤਾਰ ਕਰਕੇ ਚੱਲਣ ਕਾਰਨ ਮਿਥੇ ਸਮੇਂ ਅੰਦਰ ਪੂਰਾ ਹੋਣਾ ਔਖਾ ਲੱਗ ਰਿਹਾ ਹੈ। ਜਾਣਕਾਰੀ ਦਿੰਦਿਆਂ ਰਾਹਗੀਰ ਪਰਮਜੀਤ ਸਿੰਘ ਸੰਧੂ, ਮਨਿੰਦਰ ਸਿੰਘ ਅਜਨਾਲਾ ਆਦਿ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭਾਵੇਂ ਇਹ ਸੜਕੀ ਪ੍ਰਾਜੈਕਟ ਸ਼ੁਰੂ ਕਰਕੇ ਲੋਕਾਂ ਨੂੰ ਰਾਹਤ ਦੇਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਸੜਕ ਦਾ ਨਿਰਮਾਣ ਢਿੱਲੀ ਰਫ਼ਤਾਰ ਨਾਲ ਚੱਲਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਹੁੰਦਿਆਂ ਪਿੰਡਾਂ ਵਿਚਲੀਆਂ ਲਿੰਕ ਸੜਕਾਂ ’ਤੇ ਜਾਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਸੜਕ ਨਿਰਮਾਣ ਦੇ ਕੰਮ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਰਾਹਗੀਰਾਂ ਨੂੰ ਕਿਸੇ ਵੀ ਕਿਸਮ ਦੀ ਪ੍ਰੇਸ਼ਾਨੀ ਨਾ ਹੋ ਸਕੇ।
ਨਿਰਮਾਣ ਦਾ ਕੰਮ ਮਿਥੇ ਸਮੇਂ ਅੰਦਰ ਪੂਰਾ ਕਰਾਂਗੇ: ਕੰਪਨੀ ਅਧਿਕਾਰੀ
ਕੰਪਨੀ ਦੇ ਅਧਿਕਾਰੀ ਅਮਰਦੀਪ ਨੇ ਦੱਸਿਆ ਕਿ ਬਾਰਿਸ਼ਾਂ ਕਾਰਨ ਸੜਕ ਦਾ ਕੰਮ ਥੋੜ੍ਹਾ ਪਿਛੜਿਆ ਸੀ ਪਰ ਹੁਣ ਆਉਂਦੇ ਸਮੇਂ ਦੌਰਾਨ ਤੇਜ਼ੀ ਨਾਲ ਕੰਮ ਚੱਲੇਗਾ ਅਤੇ ਕੰਪਨੀ ਆਪਣੇ ਮਿਥੇ ਸਮੇਂ ਦੇ ਅੰਦਰ-ਅੰਦਰ ਸੜਕ ਬਣਾ ਕੇ ਜਨਤਾ ਨੂੰ ਦੇਵੇਗੀ।