ਪੱਤਰ ਪ੍ਰੇਰਕ
ਕਾਹਨੂੰਵਾਨ, 11 ਜੂਨ
ਹਲਕੇ ਅੰਦਰ ਪੈਂਦੀਆਂ ਪੇਂਡੂ ਲਿੰਕ ਸੜਕਾਂ ਦੀਆਂ ਬਰਮਾਂ ਉੱਤੇ ਲੋਕ ਨਿਰਮਾਣ ਵਿਭਾਗ ਵੱਲੋਂ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਇਸ ਸਬੰਧੀ ਮੌਕੇ ਉੱਤੇ ਹਾਜ਼ਰ ਰੋਡ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਪ ਮੰਡਲ ਲੋਕ ਨਿਰਮਾਣ ਵਿਭਾਗ ਗੁਰਦਾਸਪੁਰ ਅਧੀਨ ਪੈਂਦੀਆਂ ਵੱਖ ਵੱਖ ਪੇਂਡੂ ਸੜਕਾਂ ਦੀਆਂ ਬਰਮਾਂ ਉੱਤੇ ਵਿਭਾਗ ਵੱਲੋਂ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਮਿੱਟੀ ਪਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਐੱਸਡੀਓ ਅਮਰਜੀਤ ਸਿੰਘ ਨੇ ਕਿਹਾ ਕਿ ਸੜਕ ਨਾਲ ਲਗਦੇ ਖੇਤਾਂ ਵਾਲੇ ਕੁਝ ਕਿਸਾਨ ਸੜਕ ਦੀ ਮਜ਼ਬੂਤੀ ਲਈ ਦੋਵੇਂ ਪਾਸੇ ਬਣਾਈ ਹੋਈ ਮਿੱਟੀ ਦੀ ਬਰਮ ਨੂੰ ਆਪਣੇ ਖੇਤ ਵਿੱਚ ਮਿਲਾ ਲੈਂਦੇ ਹਨ ਜਿਸ ਕਾਰਨ ਸੜਕ ਦੀ ਹਾਲਤ ਖਸਤਾ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੜਕ ਦੀਆਂ ਬਰਮਾਂ ਬਣਾਉਣ ਵੇਲੇ ਨੇੜਲੇ ਕਿਸਾਨਾਂ ਅਤੇ ਹਲਕੇ ਦੇ ਮੋਹਤਬਰਾਂ ਨੂੰ ਇਤਲਾਹ ਦੇ ਦਿੱਤੀ ਜਾਂਦੀ ਹੈ ਪਰ ਜੇਕਰ ਕੋਈ ਕਿਸਾਨ ਫਿਰ ਵੀ ਵਿਭਾਗ ਦੇ ਕੰਮ ਵਿੱਚ ਵਿਘਨ ਪਾਏਗਾ ਤਾਂ ਉਸ ਉੱਤੇ ਵਿਭਾਗੀ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਇਸ ਮੌਕੇ ਲਖਵਿੰਦਰ ਸਿੰਘ ਜਾਗੋਵਾਲ, ਹਰਬੰਸ ਸਿੰਘ ਸਰਪੰਚ ਭਿੱਟੇਵੱਢ, ਸਰਵਣ ਸਿੰਘ ਸਰਪੰਚ ਰਊਵਾਲ ਤੇ ਕੁਲਵਿੰਦਰ ਸਿੰਘ ਆਦਿ ਵੀ ਹਾਜ਼ਰ ਸਨ।