ਪੱਤਰ ਪ੍ਰੇਰਕ
ਕਾਹਨੂੰਵਾਨ, 23 ਫਰਵਰੀ
ਪੁਲੀਸ ਥਾਣਾ ਕਾਹਨੂੰਵਾਨ ਅਧੀਨ ਪੈਂਦੀ ਇੰਡੇਨ ਗੈਸ ਏਜੰਸੀ ਦੇ ਕਰਿੰਦੇ ਕੋਲੋਂ ਏਜੰਸੀ ਦੇ ਗੋਦਾਮ ਤੋਂ ਦਫ਼ਤਰ ਮੁੜਦੇ ਸਮੇਂ ਦਿਨ ਦਿਹਾੜੇ ਕਾਰ ਸਵਾਰ ਲੁਟੇਰਿਆਂ ਨੇ ਕਰੀਬ ਢਾਈ ਲੱਖ ਰੁਪਏ ਲੁੱਟ ਲਏ। ਪ੍ਰਾਪਤ ਜਾਣਕਾਰੀ ਅਨੁਸਾਰ ਗੈਸ ਏਜੰਸੀ ਦਾ ਕਰਿੰਦਾ ਦੌਲਤ ਸਿੰਘ ਵਾਸੀ ਨੈਨੋਕੋਟ ਵਿਕਰੀ ਹੋਏ ਸਿਲੰਡਰਾਂ ਦੀ ਰਕਮ ਲੈ ਕੇ ਚੱਕ ਸ਼ਰੀਫ਼ ਰੋਡ ਸਥਿਤ ਗੁਦਾਮ ਤੋਂ ਏਜੰਸੀ ਦੇ ਦਫ਼ਤਰ ਨੂੰ ਪਰਤ ਰਿਹਾ ਸੀ। ਜਦੋਂ ਉਹ ਏਜੰਸੀ ਤੋਂ ਕੁਝ ਦੂਰੀ ਉੱਤੇ ਪਿੰਡ ਬਸੰਤਗੜ ਦੇ ਨੇੜੇ ਆਇਆ ਤਾਂ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਦੌਲਤ ਸਿੰਘ ਨੇ ਪੁਲੀਸ ਨੂੰ ਦਰਜ ਕਰਾਈ ਸ਼ਿਕਾਇਤ ਵਿੱਚ ਦੱਸਿਆ ਕਿ ਜਦੋਂ ਉਹ ਰਕਮ ਲੈ ਕੇ ਦਫ਼ਤਰ ਜਾ ਰਿਹਾ ਸੀ ਤਾਂ ਕਾਰ ਸਵਾਰ ਲੁਟੇਰਿਆਂ ਨੇ ਉਸ ਨੂੰ ਰੋਕ ਕੇ ਉਸ ਦਾ ਪੈਸਿਆਂ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਦੌਲਤ ਸਿੰਘ ਨੇ ਇਸ ਮੌਕੇ ਰੌਲਾ ਪਾਇਆ ਅਤੇ ਬੈਗ ਸੜਕ ’ਤੇ ਵਗਾਹ ਮਾਰਿਆ ਪਰ ਲੁਟੇਰੇ ਉਹ ਬੈਗ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਏ। ਥਾਣਾ ਕਾਹਨੂੰਵਾਨ ਦੇ ਮੁਖੀ ਹਿਮਾਂਸ਼ੂ ਭਗਤ ਨੇ ਕਿਹਾ ਕਿ ਮਾਮਲੇ ਸਬੰਧੀ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਦਿੱਤੀ ਗਈ ਹੈ।