ਪੱਤਰ ਪ੍ਰੇਰਕ
ਧਾਰੀਵਾਲ, 11 ਮਾਰਚ
ਇਥੇ ਮਹਾਸ਼ਿਵਰਾਤਰੀ ਦੇ ਦਿਹਾੜੇ ’ਤੇ ਬਾਬਾ ਮੋਨੀ ਮੰਦਰ ਧਾਰੀਵਾਲ ਤੋਂ ਸੁੰਦਰ ਪਾਲਕੀ ਵਿੱਚ ਸੁਸ਼ੋਭਿਤ ਧਾਰਮਿਕ ਗ੍ਰੰਥ ਸ਼ਿਵਪੁਰਾਨ ਦੀ ਛੱਤਰ ਛਾਇਆ ਹੇਠ ਸ਼ੋਭਾ ਯਾਤਰਾ ਕੱਢੀ ਗਈ। ਇਸ ਦੌਰਾਨ ਘੋੜ ਸਵਾਰ, ਬੈਂਡ ਵਾਜੇ, ਸੁੰਦਰ ਝਾਕੀਆਂ ਅਤੇ ਸੇਵਾ ਭਾਰਤੀ ਸੰਸਥਾ ਦੀਆਂ ਲੜਕੀਆਂ ਦੀ ਕਲਸ਼ ਯਾਤਰਾ ਸ਼ੋਭਾ ਯਾਤਰਾ ਦੀ ਸ਼ੋਭਾ ਵਧਾ ਰਹੀਆਂ ਸਨ। ਸ਼ੋਭਾ ਯਾਤਰਾ ਵਿੱਚ ਸੰਗਤਾਂ ਸ਼ਿਵ ਮਹਿਮਾ ਦਾ ਗੁਣਗਾਨ ਕਰ ਰਹੀਆਂ ਸਨ। ਸ਼ੋਭਾ ਯਾਤਰਾ ਦਾ ਵੱਖ ਵੱਖ ਥਾਵਾਂ ’ਤੇ ਸ਼ਰਧਾਲੂਆਂ ਵਲੋਂ ਭਰਵਾਂ ਸਵਾਗਤ ਕੀਤਾ ਲੰਗਰ ਲਗਾਏ ਗਏ। ਸ਼ੋਭਾ ਯਾਤਰਾ ਸ਼ਹਿਰ ਦੇ ਵੱਖ ਵੱਖ ਬਾਜ਼ਾਰਾਂ ਤੋਂ ਹੁੰਦੀ ਹੋਈ ਮੁੜ ਵਾਪਸ ਬਾਬਾ ਮੋਨੀ ਮੰਦਰ ਸਮਾਪਤ ਹੋਈ। ਸ਼ੋਭਾ ਯਾਤਰਾ ਵਿੱਚ ਧਾਰਮਿਕ ਸ਼ਖ਼ਸੀਅਤਾਂ ਅਤੇ ਸ਼ਰਧਾਲੂਆਂ ਤੋਂ ਇਲਾਵਾ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂ ਸ਼ਾਮਲ ਸਨ।
ਫਤਿਹਗੜ੍ਹ ਚੂੜੀਆਂ (ਪੱਤਰ ਪ੍ਰੇਰਕ): ਫਤਹਿਗੜ੍ਹ ਚੂੜੀਆਂ ਦੇ ਵੱਖ ਵੱਖ ਮੰਦਰਾਂ ਵਿੱਚ ਮਹਾਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮੰਦਰ ਵਿੱਚ ਮੱਥਾ ਟੇਕਿਆ, ਸ਼ੋਭਾ ਯਾਤਰਾ ਵਿੱਚ ਹਿੱਸਾ ਲਿਆ ਅਤੇ ਮਹਾਸ਼ਿਵਰਾਤਰੀ ਦੇ ਤਿਉਹਾਰ ਦੀ ਸੰਗਤਾਂ ਨੂੰ ਵਧਾਈ ਦਿੱਤੀ। ਸਮਾਜ ਸੇਵਾ ਮੰਦਰ ਵਿੱਚ ਪੰਡਤ ਪਵਨ ਤ੍ਰਿਪਾਠੀ ਨੇ ਮੰਤਰਾਂ ਦਾ ਉਚਾਰਨ ਕੀਤਾ ਅਤੇ ਹਵਨ ਯੱਗ ਕੀਤਾ ਗਿਆ। ਇਸ ਮੌਕੇ ਸਮਾਜ ਸੇਵਾ ਮੰਦਰ ਦੇ ਪ੍ਰਧਾਨ ਵਿਜੈ ਕੁੰਦਰਾਂ, ਸਤੀਸ਼ ਸੱਚਰ, ਅਸ਼ੋਕ ਪਾਂਧੀ ਅਤੇ ਰਮੇਸ਼ ਕੁਮਾਰ ਹਾਜ਼ਰ ਸਨ।
ਭੁਲੱਥ (ਪੱਤਰ ਪ੍ਰੇਰਕ): ਕਸਬੇ ਦੇ ਬੇਗੋਵਾਲ, ਨਡਾਲਾ, ਢਿਲਵਾਂ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਬੜੀ ਸ਼ਰਧਾ ਨਾਲ ਮਨਾਇਆ ਗਿਆ। ਕਸਬਾ ਭੁਲੱਥ ਦੇ ਸ਼ਿਵ ਮੰਦਰ ਦੇ ਅਹਾਤੇ ਵਿਚ ਅੱਜ ਸਵੇਰੇ ਤੋਂ ਹੀ ਸ਼ਰਧਾਲੂ ਭਜਨ ਮੰਡਲੀਆਂ ਭਜਨ ਗਾ ਰਹੀਆ ਸਨ ਤੇ ਸਾਧੂ ਸੰਤਾ ਵਲੋਂ ਸ਼ਿਵਜੀ ਤੇ ਪਾਰਵਤੀ ਦੇ ਜੀਵਨ ਨਾਲ ਸਬੰਧਤ ਘਟਨਾਵਾਂ ਦੇ ਵਿਖਿਆਨ ਕੀਤੇ ਗਏ। ਬੇਗੋਵਾਲ ਤੇ ਨਡਾਲਾ ਤੇ ਢਿੱਲਵਾਂ ਵਿੱਚ ਵੱਖ-ਵੱਖ ਝਾਕੀਆਂ ਨਾਲ ਭਜਨ ਕੀਰਤਨ ਕਰਦਿਆਂ ਹੋਇਆਂ ਤੇ ਢੋਲ ’ਤੇ ਭੰਗੜੇ ਪਾਉਂਦੇ ਹੋਏ ਬਾਜ਼ਾਰਾਂ ਵਿਚ ਖੀਵੇ ਹੋ ਰਹੇ ਸਨ। ਬਾਜ਼ਾਰ ਵਿੱਚ ਵੱਖ-ਵੱਖ ਥਾਵਾਂ ’ਤੇ ਲੰਗਰ ਤੇ ਮੰਦਰ ਵਿਚ ਵੱਖ-ਵੱਖ ਪਕਵਾਨਾਂ ਦੇ ਭੰਡਾਰੇ ਚੱਲ ਰਹੇ ਸਨ।
ਮੰਦਰ ਚਟਪਟਬਨੀ ਕਟਾਰੂਚੱਕ ’ਚ ਸ਼ਿਵਰਾਤਰੀ ਸਬੰਧੀ ਮੇਲਾ ਸ਼ੁਰੂ
ਪਠਾਨਕੋਟ (ਪੱਤਰ ਪ੍ਰੇਰਕ): ਇਤਿਹਾਸਕ ਮੰਦਰ ਚਟਪਟਬਨੀ ਕਟਾਰੂਚੱਕ ਵਿੱਚ ਸ਼ਿਵਰਾਤਰੀ ਸਬੰਧੀ ਅੱਜ 2 ਰੋਜਾ ਮੇਲਾ ਸ਼ੁਰੂ ਹੋਇਆ। ਇਸ ਮੌਕੇ ਦੂਰ-ਦੂਰ ਤੋਂ ਲੋਕ ਸਵੇਰੇ 4 ਵਜੇ ਤੋਂ ਹੀ ਮੱਥਾ ਟੇਕਣ ਲਈ ਲੰਬੀਆਂ-ਲੰਬੀਆਂ ਕਤਾਰਾਂ ਵਿੱਚ ਲੱਗ ਗਏ। ਮੰਦਰ ਦੇ ਮਹੰਤ ਸ਼ੰਕਰ ਨਾਥ ਨੇ ਦੱਸਿਆ ਕਿ ਇਥੇ ਮੰਦਰ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਦੂਸਰੇ ਦਿਨ ਵਿਸ਼ਾਲ ਭੰਡਾਰਾ ਕੀਤਾ ਜਾਵੇਗਾ। ਰਾਤ ਦੇ ਸਮੇਂ ਪੂਜਾ ਅਰਚਨਾ ਕੀਤੀ ਜਾਵੇਗੀ ਅਤੇ ਸਤਿਸੰਗ ਕੀਤਾ ਜਾਵੇਗਾ। ਇਸ ਮੌਕੇ ਕਮੇਟੀ ਵਲੋਂ ਠਾਕੁਰ ਹਰਦਿਆਲ ਸਿੰਘ, ਠਾਕੁਰ ਜੀਤ ਸਿੰਘ, ਭੁਪਿੰਦਰ ਸਿੰਘ, ਸੁਖਦੇਵ ਪਠਾਨੀਆ, ਬਲਕਾਰ ਸਿੰਘ, ਸੋਨੂ ਪਠਾਨੀਆ, ਲਾਲ ਚੰਦ ਕਟਾਰੂਚੱਕ ਆਦਿ ਹਾਜ਼ਰ ਸਨ।