ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 20 ਜੂਨ
ਅੰਮ੍ਰਿਤਸਰ ਕਮਿਸ਼ਨਰੇਟ ਦੀ ਪੁਲੀਸ ਨੇ 10 ਦਿਨਾਂ ਤੱਕ ਚੱਲੇ ਅਪਰੇਸ਼ਨ ਤੋਂ ਬਾਅਦ ਸਰਹੱਦ ਪਾਰ ਤੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ੀਲੇ ਕਾਰੋਬਾਰ ਦਾ ਪਰਦਾਫਾਸ਼ ਕਰਦਿਆਂ ਮੁੱਖ ਸਾਜ਼ਿਸ਼ਕਰਤਾ ਸਣੇ ਅੱਠ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਮੁੱਖ ਸਾਜ਼ਿਸ਼ਕਰਤਾ ਦੀ ਪਛਾਣ ਰਣਜੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ ਅਤੇ ਗ੍ਰਿਫਤਾਰ ਹੋਰ ਸਾਥੀਆਂ ਦੀ ਪਛਾਣ ਰਾਜਿੰਦਰ ਉਰਫ਼ ਰਾਜਾ, ਅਭਿਸ਼ੇਕ ਉਰਫ਼ ਅਭੀ, ਵਿਸ਼ਾਲ ਉਰਫ਼ ਸ਼ਾਲੂ, ਲਵਪ੍ਰੀਤ ਉਰਫ਼ ਕਾਲੂ, ਗੁਰਭੇਜ ਉਰਫ਼ ਭੀਜਾ, ਗੁਰਜੰਟ ਅਤੇ ਜਸਪਾਲ ਸਾਰੇ ਵਾਸੀ ਘਰਿੰਡਾ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਟੀਮ ਨੇ ਇਨ੍ਹਾਂ ਮੁਲਜ਼ਮਾਂ ਕੋਲੋਂ 4.10 ਕਿਲੋ ਹੈਰੋਇਨ, 3 ਪਿਸਤੌਲ, ਜਿਨ੍ਹਾਂ ਵਿੱਚ ਇਕ ਪਾਕਿਸਤਾਨ ਦਾ ਬਣਿਆ ਜ਼ਿਗਾਨਾ ਪਿਸਤੌਲ ਅਤੇ .32 ਬੋਰ ਦੇ 2 ਪਿਸਤੌਲ, 45 ਕਾਰਤੂਸ ਅਤੇ 2.07 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ। ਇਸ ਤੋਂ ਇਲਾਵਾ ਮੁਲਜ਼ਮਾਂ ਕੋਲੋਂ ਸੱਤ ਵਾਹਨ ਜਿਨ੍ਹਾਂ ਵਿਚ 5 ਵੱਖ ਵੱਖ ਕਾਰਾਂ, ਇਕ ਸਕੂਟਰ ਅਤੇ ਇਕ ਮੋਟਰਸਾਈਕਲ ਸ਼ਾਮਲ ਹੈ, ਬਰਾਮਦ ਕੀਤੇ ਗਏ ਹਨ। ਪੁਲੀਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਪੁਲੀਸ ਵੱਲੋਂ ਇਹ ਕਾਰਵਾਈ ਨਸ਼ਾ ਤਸਕਰ ਰਾਜਿੰਦਰ ਉਰਫ਼ ਰਾਜਾ (22) ਵਾਸੀ ਪਿੰਡ ਘਰਿੰਡਾ ਦੀ ਗ੍ਰਿਫਤਾਰੀ ਤੋਂ ਬਾਅਦ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੇ ਇਸ ਨਸ਼ਾ ਤਸਕਰ ਨੂੰ 500 ਗ੍ਰਾਮ ਹੈਰੋਇਨ, 40,000 ਰੁਪਏ ਡਰੱਗ ਮਨੀ, ਵਰਨਾ ਕਾਰ ਅਤੇ ਇੱਕ ਪਿਸਤੌਲ ਸਣੇ ਗ੍ਰਿਫਤਾਰ ਕੀਤਾ ਸੀ। ਇਹ ਮੁਲਜ਼ਮ ਅੰਮ੍ਰਿਤਸਰ ਦਿਹਾਤੀ ਪੁਲੀਸ ਨੂੰ ਵੀ ਇਰਾਦਾ-ਕਤਲ ਕੇਸ ਵਿੱਚ ਲੋੜੀਂਦਾ ਸੀ।